ਪੱਤਰ ਪ੍ਰੇਰਕ
ਨਥਾਣਾ, 29 ਮਾਰਚ
ਲੰਘੀ ਰਾਤ ਪਿੰਡ ਪੂਹਲਾ ਤੇ ਮਾੜੀ ਵਿਚਕਾਰ ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ’ਚ ਪਿਆ ਪਾੜ ਪਿੰਡਾਂ ਦੇ ਇਕੱਠੇ ਹੋਏ ਲੋਕਾਂ ਨੇ ਆਪਣੇ ਤੌਰ ’ਤੇ ਪੂਰਿਆ। ਭਾਵੇਂ ਹਾਲੇ ਤੱਕ ਨਹਿਰ ਦਾ ਕਿਨਾਰਾ ਟੁੱਟਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਕਿਸਾਨਾਂ ਦੇ ਦੱਸਣ ਅਨੁਸਾਰ ਪਟੜੀ ਕਮਜ਼ੋਰ ਹੋਣ ਅਤੇ ਦਰੱਖਤਾਂ ਦੀਆਂ ਜੜਾਂ ਡੂੰਘੀਆਂ ਜਾ ਕੇ ਧਰਤੀ ਪੋਲੀ ਹੋਣ ਕਾਰਨ ਇਹ ਕਾਂਡ ਵਾਪਰਿਆ ਹੈ।
ਜਾਣਕਾਰ ਸੂਤਰਾਂ ਅਨੁਸਾਰ ਨਹਿਰੀ ਵਿਭਾਗ ਕੋਲ ਨਹਿਰਾਂ ਜਾਂ ਰਜਵਾਹਿਆਂ ਦੀ ਅਜਿਹੀ ਮੁਰੰਮਤ ਲਈ ਫੰਡਾਂ ਦੀ ਘਾਟ ਕਾਰਨ ਉਹ ਕਿਸੇ ਸੰਕਟ ਸਮੇਂ ਅਕਸਰ ਹੀ ਹੱਥ ਖੜ੍ਹੇ ਕਰ ਜਾਂਦੇ ਹਨ ਤੇ ਮਜਬੂਰੀ ਵੱਸ ਕਿਸਾਨਾਂ ਜਾਂ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਸਮੱਸਿਆ ਦਾ ਹੱਲ ਕਰਨਾ ਪੈਂਦਾ ਹੈ। ਨਹਿਰੀ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਅੱਜ ਸਵੇਰੇ ਘਟਨਾ ਸਥਾਨ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ।
ਲੰਘੀ ਰਾਤ ਨਹਿਰ ਦਾ ਪਾੜ ਪੂਰਨ ਸਮੇਂ ਕਿਸਾਨਾਂ ਦੀ ਮੰਗ ਮੁਤਾਬਕ ਨਹਿਰ ’ਚ ਚੱਲ ਰਹੇ ਪਾਣੀ ਦੀ ਮਾਤਰਾ ਘਟਾ ਦਿੱਤੀ ਗਈ ਸੀ ਤੇ ਅੱਜ ਦਿਨ ਭਰ ਨਹਿਰ ’ਚ ਪਾਣੀ ਘੱਟ ਮਾਤਰਾ ’ਚ ਹੀ ਵਗਦਾ ਰਿਹਾ। ਲੰਘੀ ਰਾਤ ਨਹਿਰ ਟੁੱਟਣ ਵੇਲੇ ਪਾਣੀ ਦਾ ਵਹਾਅ ਕਾਫੀ ਤੇਜ਼ ਹੋਣ ਕਰਕੇ ਨਹਿਰ ਦੇ ਨਾਲ ਲੰਘਦਾ ਜਖੀਰਾ ਪਾਣੀ ਨਾਲ ਪੂਰੀ ਤਰ੍ਹਾਂ ਭਰ ਗਿਆ ਜੋ ਬਾਅਦ ਵਿੱਚ ਨੀਵੇਂ ਥਾਵਾਂ ਤੋਂ ਸੜਕ ਪਾਰ ਕਰਕੇ ਕਣਕ ਦੇ ਖੇਤਾਂ ਨੂੰ ਚਲਾ ਗਿਆ। ਲੋਕਾਂ ਦੇ ਉੱਦਮ ਸਦਕਾ ਕਣਕ ਦੀ ਫ਼ਸਲ ਤਾਂ ਭਾਵੇਂ ਵਧੇਰੇ ਨੁਕਸਾਨ ਤੋਂ ਬਚ ਗਈ ਪਰ ਸੜਕ ਦੇ ਕਿਨਾਰੇ ਬੁਰੀ ਤਰ੍ਹਾਂ ਖੁਰ ਗਏ ਜਿਨ੍ਹਾਂ ਦੀ ਤੁਰੰਤ ਮੁਰੰਮਤ ਦੀ ਲੋੜ ਹੈ।