ਪਰਮਜੀਤ ਸਿੰਘ
ਫਾਜ਼ਿਲਕਾ, 5 ਮਈ
ਪਿੰਡ ਲਾਲੋ ਵਾਲੀ ’ਚ ਨਵੀਂ ਸੜਕ ਬਣਾਉਣ ਦਾ ਕਹਿ ਕੇ ਤੋੜੀ ਗਈ ਪੁਰਾਣੀ ਸੜਕ ਦਾ ਕੰਮ ਪਿਛਲੇ ਲਗਪਗ ਇਕ ਸਾਲ ਤੋਂ ਲਟਕ ਰਿਹਾ ਹੈ ਜਿਸ ਕਾਰਨ ਉਕਤ ਸੜਕ ਤੋਂ ਵੱਖ-ਵੱਖ ਪਿੰਡਾਂ ਨੂੰ ਆਪਣੇ ਘਰ ਜਾਣ ਅਤੇ ਪਿੰਡਾਂ ਤੋਂ ਫਾਜ਼ਿਲਕਾ ਅਤੇ ਹੋਰਨਾਂ ਸ਼ਹਿਰਾਂ ਨੂੰ ਜਾਣ ਵਾਲੇ ਲੋਕਾਂ, ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਧਰ ਪੁੱਟੀ ਹੋਈ ਸੜਕ ਕਾਰਨ ਥਾਂ-ਥਾਂ ’ਤੇ ਪੱਥਰ ਖਿਲਰੇ ਪਏ ਹਨ ਜਿਸ ਕਾਰਨ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ। ਪਿੰਡ ਲਾਲੋ ਵਾਲੀ ਦੇ ਵਾਸੀਆਂ ਵਜੀਰ ਚੰਦ, ਸੁਭਾਸ਼ ਚੰਦਰ, ਗੌਰਵ ਉਪਨੇਜਾ, ਸੁਰੇਸ਼ ਕੰਬੋਜ, ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਲਾਲੋ ਵਾਲੀ ’ਚ ਬਣੀ ਹੋਈ ਸੜਕ 14 ਪਿੰਡਾਂ ਨੂੰ ਫਾਜ਼ਿਲਕਾ-ਫਿਰੋਜ਼ਪੁਰ ਮੇਨ ਰੋਡ ਨਾਲ ਜੋੜਦੀ ਸੀ, ਨੂੰ ਪਿਛਲੀ ਸਰਕਾਰ ਵੱਲੋਂ ਨਵੀਂ ਬਣਾਉਣ ਦਾ ਕਹਿ ਕੇ ਤੋੜ ਦਿੱਤਾ ਗਿਆ ਜਿਸ ਤੋਂ ਬਾਅਦ ਪੱਥਰ ਪਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਨਾ ਤਾਂ ਮਿੱਟੀ ਪਾਈ ਗਈ ਅਤੇ ਨਾ ਹੀ ਲੁੱਕ ਪਾ ਕੇ ਸੜਕ ਨੂੰ ਬਣਾਇਆ ਗਿਆ। ਪਿੰਡਾਂ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਕਤ ਅੱਧੀ ਅਧੂਰੀ ਬਣੀ ਸੜਕ ਦਾ ਕੰਮ ਪੂਰਾ ਕਰਵਾਇਆ ਜਾਵੇ।