ਪਵਨ ਗੋਇਲ
ਭੁੱਚੋ ਮੰਡੀ, 21 ਅਕਤੂਬਰ
ਭੁੱਚੋ ਮੰਡੀ ਇਲਾਕੇ ਦੇ ਲੋਕਾਂ ਵੱਲੋਂ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ 21 ਦਿਨਾਂ ਤੋਂ ਚਾਰ ਥਾਈਂ ਚੱਲ ਰਹੇ ਕਿਸਾਨ ਮੋਰਚਿਆਂ ਵਿਚ ਵੰਨ-ਸੁਵੰਨੇ ਲੰਗਰ ਭੇਜੇ ਜਾ ਰਹੇ ਹਨ। ਹਰ ਵਰਗ ਅਤੇ ਸੰਸਥਾ ਧਰਨਾਕਾਰੀਆਂ ਦੀ ਮਦਦ ਵਿਚ ਜੁਟੀ ਹੋਈ ਹੈ। ਲੋਕਾਂ ਦੇ ਇਸ ਭਰਵੇਂ ਸਹਿਯੋਗ ਨਾਲ ਕਿਸਾਨ ਅੰਦੋਲਨ ਨੂੰ ਭਾਰੀ ਉਤਸ਼ਾਹ ਮਿਲ ਰਿਹਾ ਹੈ, ਜੋ ਸਾਬਤ ਕਰਦਾ ਹੈ ਕਿ ਪੰਜਾਬ ਵਿਚ ਕਿਸਾਨਾਂ ਦਾ ਸੰਘਰਸ਼ ਹਰ ਵਰਗ ਦੇ ਭਲੇ ਲਈ ਸਹੀ ਦਿਸ਼ਾ ਵਿਚ ਚੁੱਕਿਆ ਗਿਆ ਜਮਹੂਰੀ ਕਦਮ ਹੈ।
ਨਿਗੂਣੀਆਂ ਤਨਖਾਹਾਂ ਨਾਲ ਆਪਣੇ ਘਰਾਂ ਦੇ ਤਪਾਉਣ ਵਾਲੇ ਥਰਮਲ ਲਹਿਰਾ ਮੁਹੱਬਤ ਦੇ ਠੇਕਾ ਮੁਲਾਜ਼ਮਾਂ ਨੇ ਠੇਕਾ ਮੁਲਾਜ਼ਮ ਯੂਨੀਅਨ ਦੇ ਝੰਡੇ ਹੇਠ ਪਹੁੰਚ ਤੋਂ ਬਾਹਰ ਹੋ ਕੇ ਭੁੱਚੋ ਮੰਡੀ ਅਤੇ ਰਾਮਪੁਰਾ ਦੇ ਮੋਰਚਿਆਂ ਵਿਚ ਡਟੇ ਪੰਜ-ਛੇ ਹਜ਼ਾਰ ਧਰਨਾਕਾਰੀਆਂ ਲਈ ਦਾਲ ਫੁਲਕੇ ਦਾ ਪ੍ਰਬੰਧ ਕੀਤਾ। ਇਸ ਮੌਕੇ ਉਨ੍ਹਾਂ ਦੇ ਪਰਿਵਾਰਾਂ ਨੇ ਭਰਵਾਂ ਸਹਿਯੋਗ ਦਿੱਤਾ। ਇਸੇ ਤਰ੍ਹਾਂ ਵੱਖ ਵੱਖ ਪਿੰਡਾਂ, ਗੁਰਦੁਆਰਾ ਕਮੇਟੀਆਂ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਰੋਜ਼ਾਨਾ ਚੌਲ, ਕੜਾਹ ਪ੍ਰਸ਼ਾਦ, ਖੀਰ, ਮਾਲ੍ਹ ਪੂੜੇ, ਚਾਹ, ਲੱਡੂ, ਬਦਾਨਾ ਅਤੇ ਫਲ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਾਬਕਾ ਫੌਜੀਆਂ ਨੇ ਉਗਰਾਹਾਂ ਧੜੇ ਨੂੰ 50 ਗੱਦੇ ਅਤੇ ਛੇ ਦਰੀਆਂ ਭੇਟ ਕੀਤੀਆਂ। ਕਿਸਾਨਾਂ ਵੱਲੋਂ ਸੁੱਕਾ ਰਾਸ਼ਨ ਵੀ ਲਗਾਤਾਰ ਭੇਜਿਆ ਜਾ ਰਿਹਾ ਹੈ।