ਪੱਤਰ ਪ੍ਰੇਰਕ
ਬਰੇਟਾ, 11 ਜੂਨ
ਇਸ ਇਲਾਕੇ ਦੇ ਨਹਿਰੀ ਪਾਣੀ ਦੀ ਪੂਰਤੀ ਕਰਦੀ ਨਹਿਰ ਜਿਸ ਨੂੰ ਬੋਹਾ ਰਜਬਾਹਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ’ਚ ਪਿਛਲੇ ਇੱਕ ਮਹੀਨੇ ਤੋਂ ਪਾਣੀ ਦੀ ਬੰਦੀ ਹੋਣ ਕਾਰਨ ਇਸ ਨਹਿਰ ’ਤੇ ਨਿਰਭਰ ਸਥਾਨਕ ਤੇ ਪਿੰਡਾਂ ਦੇ ਲੋਕ ਅਤੇ ਵਾਟਰ ਵਰਕਸਾਂ ਦੇ ਟੈਂਕ ਪਾਣੀ ਤੋਂ ਸੱਖਣੇ ਹਨ ਅਤੇ ਉਪਰੋਂ ਲੋਹੜੇ ਦੀ ਗਰਮੀ ਪੈ ਰਹੀ ਹੈ। ਪਾਣੀ ਦੀ ਪਲ-ਪਲ ਲੋੜ ਹੈ।
ਵਾਟਰ ਵਰਕਸਾਂ ’ਤੇ ਪਾਣੀ ਨਾ ਪੁੱਜਣ ਕਾਰਨ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ ਕਿਉਂਕਿ ਇਸ ਸਮੇਂ ਪਾਣੀ ਹਰ ਜੀਵ ਦੀ ਸਭ ਤੋਂ ਪਹਿਲੀ ਲੋੜ ਬਣੀ ਹੋਈ ਹੈ ਪਰ ਨਹਿਰੀ ਵਿਭਾਗ ਦਾ ਪਤਾ ਨਹੀਂ ਕਿਉ ਲੋਕਾਂ ਨੂੰ ਪਾਣੀ ਦੀ ਥੁੜ ਦਾ ਸ਼ਿਕਾਰ ਬਣਾ ਰਿਹਾ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਨਹਿਰ ਵਿੱਚ ਪਾਣੀ 10 ਜੂਨ ਤੱਕ ਛੱਡਿਆ ਜਾਵੇਗਾ ਪਰ ਅੱਜ ਪਤਾ ਲੱਗਾ ਹੈ ਕਿ ਨਹਿਰ ’ਚ ਪਾਣੀ 14-15 ਜੂਨ ਤੱਕ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਬੰਦ ਰਹਿ ਸਕਦਾ ਹੈ। ਲੋਕਾਂ ਵਿੱਚ ਰੋਹ ਹੈ ਕਿ ਜਦੋਂ ਪਾਣੀ ਦੀ ਸਖ਼ਤ ਲੋੜ ਹੁੰਦੀ ਹੈ ਇਹ ਪਾਣੀ ਉਦੋਂ ਹੀ ਕਿਉਂ ਬੰਦ ਕੀਤਾ ਜਾਂਦਾ ਹੈ। ਲੋਕਾਂ ਦੀ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਤੋਂ ਮੰਗ ਹੈ ਕਿ ਨਹਿਰ ਵਿੱਚ ਪਾਣੀ ਤੁਰੰਤ ਛੱਡਿਆ ਜਾਵੇ। ਨਹੀਂ ਤਾਂ ਲੋਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਨਹਿਰੀ ਵਿਭਾਗ ਦੀ ਹੋਵੇਗੀ।