ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 17 ਫਰਵਰੀ
ਨਗਰ ਕੌਂਸਲ ਚੋਣਾਂ ’ਚ ਕਾਂਗਰਸ ਪਾਰਟੀ ਦੇ ਜੇਤੂ ਰਹੇ 11 ਉਮੀਦਵਾਰਾਂ ਨੂੰ ਜਿੱਥੇ ਵਿਧਾਇਕ ਰਮਿੰਦਰ ਆਵਲਾ ਨੇ ਵਧਾਈ ਦਿੱਤੀ, ਉੱਥੇ ਹੀ ਇਨ੍ਹਾਂ ਨਾਲ ਮਿਲਕੇ ਸ਼ਹਿਰ ਵਾਸੀਆਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਸ੍ਰੀ ਆਵਲਾ ਨੇ ਕਿਹਾ ਕਿ ਜ਼ਿਮਨੀ ਚੋਣਾਂ ’ਚ ਪਹਿਲਾਂ ਜਿੱਥੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰ ਦਿੱਤਾ ਸੀ, ਉੱਥੇ ਹੁਣ ਨਗਰ ਕੌਂਸਲ ਚੋਣਾਂ ’ਚ ਵੀ ਕਾਂਗਰਸ ਪਾਰਟੀ ਨੇ 11 ਸੀਟਾਂ ’ਤੇ ਜਿੱਤ ਪ੍ਰਾਪਤ ਕਰ ਕੇ ਸੁਖਬੀਰ ਬਾਦਲ ਨੂੰ ਦੱਸ ਦਿੱਤਾ ਹੈ ਕਿ ਹੁਣ ਉਨ੍ਹਾਂ ਦਾ ਜਲਾਲਾਬਾਦ ’ਚ ਸਿੱਕਾ ਨਹੀਂ ਚੱਲਦਾ ਅਤੇ ਲੋਕ ਕਾਂਗਰਸ ਪਾਰਟੀ ਦੇ ਹੱਕ ’ਚ ਖੜ੍ਹੇ ਹੋ ਗਏ ਹਨ। ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਜੇਤੂ ਉਮੀਦਵਾਰ ਭਵਿੱਖ ’ਚ ਸ਼ਹਿਰ ਦੇ ਵਿਕਾਸ ’ਚ ਆਪਣਾ ਯੋਗਦਾਨ ਪਾਉਣਗੇ।
2022 ਵਿੱਚ ਮੁੜ ਬਣੇਗੀ ਪੰਜਾਬ ਵਿੱਚ ਕਾਂਗਰਸ ਸਰਕਾਰ: ਰਾਜਾ ਵੜਿੰਗ
ਗਿੱਦੜਬਾਹਾ (ਦਵਿੰਦਰ ਮੋਹਨ ਸਿੰਘ ਬੇਦੀ): ਪਿਛਲੇ 4 ਸਾਲਾਂ ਦੌਰਾਨ ਗਿੱਦੜਬਾਹਾ ਵਿੱਚ ਹੋਏ ਵਿਕਾਸ ਕਾਰਜਾਂ ਦੀ ਬਦੌਲਤ ਲੋਕਾਂ ਨੇ ਵੱਡੀ ਗਿਣਤੀ ਵਿੱਚ ਕਾਂਗਰਸ ਨੂੰ ਵੋਟਾਂ ਪਾ ਕੇ ਉਸ ਦੇ ਉਮੀਦਵਾਰਾਂ ਜੇਤੂ ਬਣਾਏ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸੀ ਪਾਰਟੀ ਦੇ 18 ਉਮੀਦਵਾਰਾਂ ਦੀ ਜਿੱਤ ਤੋਂ ਬਾਅਦ ਕੀਤਾ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਜਿੱਤ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ ਅਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਰਾਜ ਅੰਦਰ ਕਾਂਗਰਸ ਦੀ ਸਰਕਾਰ ਬਣੇਗੀ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਾਈਕਾਟ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਅਕਾਲੀ ਦਲ ਦਾ ਸਿਰਫ਼ ਕਾਗਜ਼ੀ ਬਾਈਕਾਟ ਸੀ ਪਰ ਅਸਲ ’ਚ ਉਹ ਚੋਣ ਲੜ ਰਹੇ ਸਨ ਕਿਉਂਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਆਜਾਦ ਉਮੀਦਵਾਰਾਂ ਦੀ ਮਦਦ ਕੀਤੀ ਅਤੇ ਖੁਦ ਵੀ ਅੰਦਰਖਾਤੇ ਆਪਣੇ- ਆਪ ਲਈ ਵੋਟਾਂ ਮੰਗਦੇ ਰਹੇ।