ਲਖਵੀਰ ਸਿੰਘ ਚੀਮਾ
ਟੱਲੇਵਾਲ, 20 ਸਤੰਬਰ
ਪਿੰਡ ਸੱਦੋਵਾਲ ਦੇ ਮਾਂ-ਧੀ ਅਗਵਾ ਮਾਮਲੇ ਵਿੱਚ ਚੌਥੇ ਦਿਨ ਵੀ ਪੁਲੀਸ ਦੇ ਹੱਥ ਖਾਲੀ ਰਹੇ। ਇਸ ਦੇ ਰੋਸ ਵਜੋਂ ਪੀੜਤ ਪਰਿਵਾਰ ਦੇ ਹੱਕ ਵਿੱਚ ਪਿੰਡ ਦੀ ਪੰਚਾਇਤ, ਭਾਕਿਯੂ ਉਗਰਾਹਾਂ, ਭਾਕਿਯੂ ਕਾਦੀਆਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਦਿਹਾਤੀ ਮਜ਼ਦੂਰ ਸਭਾ ਅਤੇ ‘ਆਪ’ ਆਗੂਆਂ ਨੇ ਟੱਲੇਵਾਲ ਥਾਣੇ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਮਾਂ-ਧੀ ਨੂੰ ਲੱਭਿਆ ਨਹੀਂ ਜਾਂਦਾ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਥਾਣੇ ਅੱਗੇ ਧਰਨਾ ਜਾਰੀ ਰਹੇਗਾ। ਪੀੜਤ ਪ੍ਰਦੀਪ ਸਿੰਘ ਨੇ ਕਿਹਾ ਕਿ ਉਹ ਪੁਲੀਸ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ, ਜੋ ਚੌਥੇ ਦਿਨ ਵੀ ਉਸ ਦੀ ਅਗਵਾ ਪਤਨੀ ਤੇ ਧੀ ਅਤੇ ਮੁਲਜ਼ਮ ਸਾਬਕਾ ਕਾਂਗਰਸੀ ਆਗੂ ਨੂੰ ਲੱਭ ਨਹੀਂ ਸਕੀ। ਕਿਸਾਨ ਆਗੂ ਸੁਖਦੇਵ ਸਿੰਘ ਭੋਤਨਾ, ਗੁਰਨਾਮ ਸਿੰਘ ਫ਼ੌਜੀ, ਜਰਨੈਲ ਸਿੰਘ ਬਦਰਾ, ਜੱਜ ਸਿੰਘ ਗਹਿਲ, ਭੋਲਾ ਸਿੰਘ ਕਲਾਲਮਾਜਰਾ ਅਤੇ ਹਰਜੀਤ ਸਿੰਘ ਦੀਵਾਨਾ ਨੇ ਕਿਹਾ ਕਿ ਅਗਵਾ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ, ਪਰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਅਗਵਾ ਮਾਂ-ਧੀ ਤੇ ਮੁਲਜ਼ਮ ਨੂੰ ਲੱਭ ਨਹੀਂ ਸਕੀ। ਜਥੇਬੰਦੀਆਂ ਤੇ ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਮੁਲਜ਼ਮ ਨੂੰ ਸ਼ਹਿ ਦੇ ਰਹੀ ਹੈ।
ਪੁਲੀਸ ਕਰ ਰਹੀ ਹੈ ਮਾਂ-ਧੀ ਤੇ ਮੁਲਜ਼ਮਾਂ ਦੀ ਭਾਲ: ਥਾਣਾ ਮੁਖੀ
ਟੱਲੇਵਾਲ ਥਾਣੇ ਦੇ ਐਸਐਚਓ ਮੁਨੀਸ਼ ਕੁਮਾਰ ਨੇ ਕਿਹਾ ਕਿ ਪੁਲੀਸ ਅਗਵਾ ਮਾਂ-ਧੀ ਅਤੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਵਾਹਨ ਰਾਹੀਂ ਮਾਂ-ਧੀ ਨੂੰ ਅਗ਼ਵਾ ਕੀਤਾ ਗਿਆ ਹੈ, ਉਸ ਦੇ ਮਾਲਕ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ। ਉਹ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਦਾ ਵਸਨੀਕ ਹੈ।