ਗੁਰਜੀਤ ਭੁੱਲਰ/ਰਮਨਦੀਪ ਸਿੰਘ
ਰਾਮਪੁਰਾ ਫੂਲ, ਚਾਉਕੇ, 17 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਟਵਾਰੀ ਦੀ ਲੰਮੇ ਸਮੇਂ ਤੋਂ ਖ਼ਾਲੀ ਅਸਾਮੀ ਨੂੰ ਭਰਾਉਣ ਲਈ ਅੱਜ ਬੁੱਗਰ ਤੇ ਜੇਠੂਕੇ ਪਿੰਡ ਵਾਸੀਆਂ ਵੱਲੋਂ ਤਹਿਸੀਲ ਫੂਲ ਅੱਗੇ ਧਰਨਾ ਦਿੱਤਾ ਗਿਆ ਤੇ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਅੱਕੇ ਕਿਸਾਨਾਂ ਵੱਲੋਂ ਐੱਸ.ਡੀ.ਐੱਮ ਤੇ ਤਹਿਸੀਲਦਾਰ ਦਫ਼ਤਰ ਦਾ ਘਿਰਾਓ ਕੀਤਾ ਗਿਆ। ਬੀਕੇਯੂ ਉਗਰਾਹਾਂ ਦੇ ਬਲਾਕ ਆਗੂ ਨਿੱਕਾ ਸਿੰਘ ਨੇ ਦੱਸਿਆ ਕਿ ਪਿੰਡ ਜੇਠੂਕੇ ਅਤੇ ਬੁੱਗਰ ਦੋ ਪਿੰਡ ਦੇ ਮਾਲ ਵਿਭਾਗ ਦਾ ਕੰਮ ਵੇਖਣ ਲਈ ਇੱਕ ਪਟਵਾਰੀ ਦੀ ਪੋਸਟ ਹੈ, ਉਹ ਵੀ ਕਾਫ਼ੀ ਸਮੇਂ ਤੋ ਖ਼ਾਲੀ ਪਈ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਸਬੰਧ ਵਿੱਚ ਉਹ ਪਹਿਲਾਂ ਏਡੀਸੀ ਬਠਿੰਡਾ ਨੂੰ ਮਿਲੇ ਸਨ। ਉਨ੍ਹਾਂ ਪਟਵਾਰੀ ਨੂੰ ਜਲਦੀ ਹੀ ਨਿਯੁਕਤ ਕਰਨ ਦਾ ਭਰੋਸਾ ਦਿੱਤਾ ਤੇ ਉਨ੍ਹਾਂ ਸਮਾ ਕਿਸੇ ਹੋਰ ਪਟਵਾਰੀ ਨੂੰ ਵਾਧੂ ਚਾਰਜ ਦੇਣ ਬਾਰੇ ਕਿਹਾ।
ਉਧਰ, ਪਟਵਾਰੀ ਯੂਨੀਅਨ ਨੇ ਐਲਾਨ ਕੀਤਾ ਹੋਇਆ ਹੈ ਕਿ ਕੋਈ ਵੀ ਪਟਵਾਰੀ ਕਿਸੇ ਵੀ ਪਿੰਡ ਦਾ ਵਾਧੂ ਚਾਰਜ ਨਹੀਂ ਲੈਣਗੇ। ਜਿਸ ਕਾਰਨ ਪਟਵਾਰੀ ਦੀ ਹਾਲੇ ਵੀ ਪੋਸਟ ਖ਼ਾਲੀ ਸੀ। ਇਸ ਲਈ ਅੱਜ ਕਿਸਾਨਾਂ ਨੇ ਐੱਸ.ਡੀ.ਐੱਮ ਅਤੇ ਤਹਿਸੀਲਦਾਰ ਦਫ਼ਤਰ ਦਾ ਘਿਰਾਓ ਕਰ ਲਿਆ। ਇਸ ਸਮੇਂ ਤਹਿਸੀਲਦਾਰ ਸੁਖਬੀਰ ਬਰਾੜ ਸਟੇਜ ’ਤੇ ਆ ਕੇ ਭਰੋਸਾ ਦਿਵਾਇਆ ਕਿ ਇਨ੍ਹਾਂ ਪਿੰਡਾਂ ਵਿੱਚ ਪੱਕੇ ਤੌਰ ’ਤੇ ਪਟਵਾਰੀ ਨਿਯੁਕਤ ਜਾਵੇਗਾ ਤਾਂ ਉਸ ਤੋਂ ਬਾਅਦ ਕਿਸਾਨ ਯੂਨੀਅਨ ਵੱਲੋਂ ਘਿਰਾਓ ਖ਼ਤਮ ਕਰ ਦਿੱਤਾ।