ਜੋਗਿੰਦਰ ਸਿੰਘ ਮਾਨ
ਮਾਨਸਾ, 21 ਅਕਤੂਬਰ
ਤਿਉਹਾਰਾਂ ਦੇ ਦਿਨਾਂ ਦੌਰਾਨ ਸ਼ਹਿਰ ਵਿੱਚ ਸਫ਼ਾਈ ਦੇ ਨਿੱਕਲੇ ਪਏ ਜਲੂਸ ਦੇ ਵਿਰੋਧ ਵਿੱਚ ਅੱਕੇ ਹੋਏ ਸ਼ਹਿਰੀਆਂ ਨੇ ਅੱਜ ਨਗਰ ਕੌਸਲ ਮਾਨਸਾ ਦੇ ਦਫ਼ਤਰ ’ਚ ਕੂੜੇ-ਕਚਰੇ ਦੀਆਂ ਬਾਲਟੀਆਂ ਭਰਕੇ ਸੁੱਟੀਆਂ ਤੇ ਦਫ਼ਤਰ ਵਿਚਲੇ ਮੁੱਖ ਮੇਜ਼ ’ਤੇ ਕੂੜੇ-ਕਰਕਟ ਨੂੰ ਖਿਲਾਰ ਦਿੱਤਾ। ਨਗਰ ਕੌਸਲ ਦੀਆਂ ਅੱਖਾਂ ਖੁੱਲ੍ਹਵਾਉਣ ਲਈ ਕੀਤੇ ਗਏ ਇਸ ਕਾਰਜ ਦੀ ਅਗਵਾਈ ਇਨਕਲਾਬੀ ਨੌਜਵਾਨ ਸਭਾ ਵੱਲੋਂ ਕੀਤੀ ਗਈ।
ਇਨਕਲਾਬੀ ਨੌਜਵਾਨ ਸਭਾ ਦਾ ਕਹਿਣਾ ਹੈ ਕਿ ਸ਼ਹਿਰ ’ਚ ਲੱਗੇ ਕੂੜੇ ਦੇ ਢੇਰ ਚੁਕਵਾਉਣ, ਸੀਵਰੇਜ ਦੇ ਪਾਣੀ ਦੀ ਨਿਕਾਸੀ ਤੇ ਸ਼ਹਿਰ ਤੋਂ ਕੂੜਾ ਡੰਪ ਬਾਹਰ ਲਿਜਾਣ ਲਈ ਤੇ ਹੋਰ ਸ਼ਹਿਰ ਦੀਆਂ ਮੰਗਾਂ ਨੂੰ ਧਿਆਨ ’ਚ ਲਿਆਂਦਾ ਗਿਆ ਸੀ, ਪਰ ਕੋਈ ਵੀ ਹੱਲ ਨਹੀਂ ਕੀਤਾ ਗਿਆ ਤਾਂ ਨਗਰ ਕੌਂਸਲ ਕੌਂਸਲ ਦਫ਼ਤਰ ’ਚ ਕਚਰੇ ਦੀਆਂ ਬਾਲਟੀਆਂ ਸੁੱਟੀਆਂ ਗਈਆਂ। ਸਭਾ ਦੇ ਸੂਬਾ ਆਗੂ ਬਿੰਦਰ ਅਲਖ ਤੇ ਸ਼ਹਿਰੀ ਪ੍ਰਧਾਨ ਹਰਦਮ ਸਿੰਘ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ, ਸਕੂਲ, ਧਰਮਸ਼ਾਲਾਵਾਂ ਤੇ ਹਰ ਵਾਰਡ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ-11 ਵਿੱਚ ਕਚਰੇ ਨਾਲ ਜਾਮ ਹੋਏ ਸੀਵਰੇਜ ਦਾ ਪਾਣੀ ਖੜ੍ਹੇ ਨੂੰ ਅੱਜ ਇੱਕ ਸਾਲ ਹੋਣ ਵਾਲਾ ਹੈ, ਪਰ ਇਸਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਵਾਰਡ ਦਾ ਮੁੱਖ ਰਸਤਾ ਹੋਣ ਕਾਰਨ ਬੱਚਿਆਂ ਨੂੰ ਗੰਦੇ ਪਾਣੀ ਵਿੱਚੋਂ ਲੰਘ ਕੇ ਸਕੂਲ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਭਾਈ ਗੁਰਦਾਸ ਕੋਲੋਂ ਦੀ, ਜੋ ਸੜਕ ਰੇਲਵੇ ਲਾਈਨ ਦੀ ਸੜਕ ਨਾਲ ਜੋੜਦੀ ਹੈ, ਕੂੜੇ ਤੇ ਅਵਾਰਾ ਪਸ਼ੂਆ ਕਾਰਨ ਬੰਦ ਪਈ ਹੈ ਤੇ ਪ੍ਰਸ਼ਾਸਨ ਸੁੱਤਾ ਪਿਆ ਹੈ।
ਵਾਈਸ ਪ੍ਰਧਾਨ ਜੱਸੀ ਬਾਵਾ ਨੇ ਕਿਹਾ ਕਿ ਨਗਰ ਕੌਂਸਲ ਇੱਕ ਪਾਸੇ ਲੋੜਵੰਦ ਮਜ਼ਦੂਰਾਂ ਦੇ ਘਰਾਂ ’ਚ ਜਾ ਕੇ ਡੇਂਗੂ ਤੇ ਮਲੇਰੀਏ ਦਾ ਲਾਰਵਾ ਮਿਲਣ ’ਤੇ ਹਜ਼ਾਰ-ਹਜ਼ਾਰ ਰੁਪਏ ਜੁਰਮਾਨਾ ਕਰਦੀ ਹੈ, ਪਰ ਗੰਦਗੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦਾ ਜਿੰਮ੍ਹੇਵਾਰ ਕੌਣ ਹੈ।
ਇਸੇ ਦੌਰਾਨ ਲਬਿਰੇਸ਼ਨ ਦੇ ਸੂਬਾ ਆਗੂ ਗੁਰਜੰਟ ਸਿੰਘ ਮਾਨਸਾ ਨੇ ਨੌਜਵਾਨਾਂ ਦੇ ਇਸ ਸੰਘਰਸ਼ ਦੀ ਪੂਰਨ ਹਿਮਾਇਤ ਕੀਤੀ ਤੇ ਕਿਹਾ ਕਿ ਵੋਟਾਂ ਵੇਲੇ ਸਫ਼ਾਈ, ਸੀਵਰੇਜ ਤੇ ਪੀਣਯੋਗ ਪਾਣੀ ਦੇ ਪੁਖਤਾ ਪ੍ਰਬੰਧ ਦੇ ਵਾਅਦੇ ਕੀਤੇ ਜਾਂਦੇ ਹਨ, ਪਰ ਇਹ ਵਾਅਦੇ ਨਾ ਕੌਂਸਲਰ, ਪ੍ਰਸ਼ਾਸਨ ਜਾਂ ਸਰਕਾਰ ਪੂਰੇ ਕਰਦੀ ਹੈ ਤੇ ਜਨਤਾ ਨਰਕ ਵਰਗੀ ਜ਼ਿੰਦਗੀ ਜਿਉਂਣ ਲਈ ਮਜਬੂਰ ਹੈ।
ਇਸੇ ਦੌਰਾਨ ਨਗਰ ਕੌਸਲ ਮਾਨਸਾ ਦੇ ਕਾਰਜ ਸਾਧਕ ਅਫ਼ਸਰ ਰਮੇਸ਼ ਕੁਮਾਰ ਨੇ ਇਨਕਲਾਬੀ ਨੌਜਵਾਨ ਸਭਾ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਸ਼ਹਿਰ ਦੀ ਸਫ਼ਾਈ ਲਈ ਚੰਗੇ ਪ੍ਰਬੰਧ ਕਰਨਗੇ, ਹਾਲਾਂਕਿ ਪਹਿਲਾਂ ਵੀ ਸ਼ਹਿਰ ਦੀ ਸਫ਼ਾਈ ਦਾ ਹਰ ਪੱਖੋਂ ਖਿਆਲ ਰੱਖਿਆ ਜਾਂਦਾ ਹੈ।