ਭਗਵਾਨ ਦਾਸ ਗਰਗ
ਨਥਾਣਾ, 24 ਅਗਸਤ
ਪਿੰਡ ਪੂਹਲਾ ਦੇ ਲੋਕਾਂ, ਪੰਚਾਇਤ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਸ਼ਰਾਬ ਠੇਕੇਦਾਰਾਂ ਅਤੇ ਪੁਲੀਸ ਦੇ ਮਾੜੇ ਵਤੀਜੇ ਵਿਰੁੱਧ ਅੱਜ ਨਹਿਰ ਦੇ ਪੁਲ ’ਤੇ ਜਾਮ ਲਾ ਕੇ ਰੋਸ ਪ੍ਰਗਟਾਇਆ। ਇਸ ਕਾਰਨ ਨਥਾਣਾ ਭੁੱਚੋ ਸੜਕ ’ਤੇ ਆਵਾਜਾਈ ਠੱਪ ਰਹੀ। ਧਰਨਾਕਾਰੀਆਂ ਨੇ ਇਸ ਦੌਰਾਨ ਪੁਲੀਸ ਅਤੇ ਸ਼ਰਾਬ ਠੇਕੇਦਾਰਾਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਵੀਰਵਾਰ ਤੋਂ ਸਥਾਨਕ ਥਾਣੇ ਅੰਦਰ ਅਣਮਿੱਥੇ ਸਮੇਂ ਦਾ ਧਰਨਾ ਲਾਉਣ ਦਾ ਐਲਾਨ ਕੀਤਾ।
ਧਰਨੇ ’ਚ ਵੱਡੀ ਗਿਣਤੀ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਧਰਨੇ ਨੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਬਸੰਤ ਸਿੰਘ, ਅਵਤਾਰ ਸਿੰਘ ਪੂਹਲਾ, ਬਿੱਕਰ ਸਿੰਘ ਆਦਿ ਨੇ ਕਿਹਾ ਕਿ ਕੱਲ ਥਾਣੇ ’ਚ ਧਰਨਾ ਦੇਣ ਸਮੇਂ ਪੁਲੀਸ ਅਧਿਕਾਰੀਆਂ ਵੱਲੋ ਭਰੋਸਾ ਦਿੱਤਾ ਗਿਆ ਸੀ ਕਿ ਠੇਕੇਦਾਰ ਅਤੇ ਛਾਪਾ ਮਾਰਨ ਵਾਲੇ ਪੁਲੀਸ ਮੁਲਾਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕਰ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ ਪਰ ਕੁਝ ਨਹੀਂ ਹੋਇਆ, ਜਿਸ ਕਾਰਨ ਅੱਜ ਜਾਮ ਲਾਇਆ ਗਿਆ। ਦੱਸਣਯੋਗ ਹੈ ਕਿ ਸ਼ਰਾਬ ਠੇਕੇਦਾਰਾਂ ਨੇ ਕੱਲ੍ਹ ਪੁਲੀਸ ਦੀ ਮਦਦ ਨਾਲ ਪਿੰਡ ਪੂਹਲਾ ਦੇ ਸੁਰਜੀਤ ਸਿੰਘ ਦੇ ਘਰ ਛਾਪਾ ਮਾਰਿਆ ਸੀ ਤੇ ਘਰ ਵਿੱਚ ਮੌਜੂਦ ਮਹਿਲਾਵਾਂ ਨੂੰ ਬੇਲੋੜਾ ਪ੍ਰੇਸਾਨ ਕੀਤਾ ਸੀ, ਜਦੋਂ ਕਿ ਘਰ ਅੰਦਰੋਂ ਕੋਈ ਵੀ ਨਸ਼ੀਲੀ ਜਾਂ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਸੀ।
ਸੜਕੀ ਆਵਾਜਾਈ ਠੱਪ ਰਹਿਣ ਕਰ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲੀਸ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਦਿੱਤੇ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਧਰਨੇ ਦੀ ਸਮਾਪਤੀ ਮੌਕੇ ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਵੀਰਵਾਰ ਤੋਂ ਸਥਾਨਕ ਥਾਣੇ ਅੰਦਰ ਅਣਮਿਥੇ ਸਮੇਂ ਦਾ ਧਰਨਾ ਲਾ ਕੇ ਇਨਸਾਫ਼ ਲੈਣ ਲਈ ਸੰਘਰਸ਼ ਵਿੱਢਿਆ ਜਾਵੇਗਾ।