ਪੱਤਰ ਪ੍ਰੇਰਕ
ਭੁੱਚੋ ਮੰਡੀ, 9 ਮਾਰਚ
ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਘਟਨਾਵਾਂ ਸਬੰਧੀ ਸ਼ਹਿਰ ਵਾਸੀਆਂ ਦਾ ਗੁੱਸਾ ਸਿਖ਼ਰ ’ਤੇ ਪਹੁੰਚ ਗਿਆ ਹੈ। ਅੱਜ ਸ਼ਾਮੀਂ ਵੱਡੀ ਗਿਣਤੀ ਵਿੱਚ ਪੀੜਤ ਪਰਿਵਾਰਾਂ ਤੇ ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਦੀ ਅਗਵਾਈ ਹੇਠ ਪੁਲੀਸ ਚੌਕੀ ਵਿੱਚ ਪਹੁੰਚ ਕੇ ਆਪਣੀ ਭੜਾਸ ਕੱਢੀ। ਜੋਨੀ ਬਾਂਸਲ ਨੇ ਚੌਕੀ ਇੰਚਾਰਜ਼ ਪਰਬਤ ਸਿੰਘ ਨੂੰ ਕਿਹਾ ਕਿ ਸ਼ਹਿਰ ਵਿੱਚ ਬੇਲਗਾਮ ਹੋਏ ਲੁਟੇਰਿਆਂ, ਚੋਰਾਂ ਤੇ ਬੁਲੇਟ ’ਤੇ ਪਟਾਕੇ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚੋਰ, ਲੁਟੇਰੇ ਤੇ ਗੈਰ ਸਮਾਜਿਕ ਅਨਸਰ ਸੰਘਣੀ ਆਬਾਦੀ ਵਾਲੀਆਂ ਗਲੀਆਂ ਵਿੱਚ ਦਿਨ ਦਿਹਾੜੇ ਲੁੱਟ ਖੋਹ ਦੀਆਂ ਬਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ, ਪਰ ਪੁਲੀਸ ਮੂਕ ਦਰਸ਼ਕ ਬਣੀ ਹੋਈ ਹੈ। ਪੀੜਤ ਵਿਅਕਤੀਆਂ ਰਤਨ ਗੋਇਲ ਤੇ ਵਿਕਰਮ ਸਿੰਗਲਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਪੁਲੀਸ ਨੂੰ ਸੂਚਿਤ ਕਰ ਦਿੱਤਾ ਸੀ, ਪਰ ਪੁਲੀਸ ਨੇ ਕੋਈ ਗੌਰ ਨਹੀਂ ਕੀਤੀ। ਸ਼ਹਿਰ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਚੋਰੀ ਹੋਇਆ ਸਾਮਾਨ ਪੀੜਤਾਂ ਨੂੰ ਦਿਵਾ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ, ਤਾਂ ਉਹ ਸਾਰੇ ਬਾਜ਼ਾਰ ਬੰਦ ਕਰਕੇ ਵਿਸ਼ਾਲ ਧਰਨਾ ਦੇਣਗੇ। ਚੌਕੀ ਇੰਚਾਰਜ ਪਰਬਤ ਸਿੰਘ ਨੇ ਕਿਹਾ ਕਿ ਨਫਰੀ ਦੀ ਘਾਟ ਹੈ। ਉੱਚ ਅਧਿਕਾਰੀ ਨੂੰ ਮਿਲ ਕੇ ਨਫਰੀ ਵਧਾ ਦਿੱਤੀ ਜਾਵੇਗੀ ਤੇ ਨਾਕੇ ਲਗਾ ਕੇ ਸ਼ੱਕੀ ਨੌਜਵਾਨਾਂ ਦੀ ਜਾਂਚ ਕੀਤੀ ਜਾਵੇਗੀ।