ਜੋਗਿੰਦਰ ਸਿੰਘ ਮਾਨ
ਮਾਨਸਾ, 19 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਰਤੀ ਲੋਕਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿੱਥੇ ਕਿਸਾਨਾਂ ਦੀ ਫ਼ਸਲ ਬੇ-ਮੌਸਮੀ ਬਰਸਾਤ ਕਾਰਨ ਬਰਬਾਦ ਹੋਈ ਹੈ ਅਤੇ ਜੋ ਪਾਣੀ ਨਾਲ ਘਰਾਂ ਦਾ ਨੁਕਸਾਨ ਹੋਇਆ ਹੈ, ਉਹ ਲੋਕ ਪਿਛਲੇ 10 ਦਿਨਾਂ ਤੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਮੂਹਰੇ ਰਾਤਾਂ ਕੱਟ ਰਹੇ ਹਨ ਅਤੇ ਸਰਕਾਰ ਲੋਕਾਂ ਦਾ ਮਸੀਹਾ ਬਣਨ ਦਾ ਢੋਂਗ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਦਲਾਅ ਵਾਲਾ, ਜੋ ਨਾਅਰਾ ਦੇ ਕੇ ਲੋਕਾਂ ਤੋਂ ਵੋਟਾਂ ਲਈਆਂ ਸਨ, ਉਹ ਚਾਅ ਪੰਜਾਬ ਦੇ ਲੋਕਾਂ ਦਾ ਹੁਣ ਲਹਿ ਗਿਆ ਹੈ।
ਜਥੇਬੰਦੀ ਦੇ ਸੂਬਾ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਲੋਕਾਂ ਨੇ ਬੜੀ ਸ਼ਿੱਦਤ ਨਾਲ ਨਵੀਂ ਪਾਰਟੀ ਨੂੰ ਬਹੁਮਤ ਦਿਵਾ ਕੇ ਸੱਤਾ ਵਿੱਚ ਲਿਆਂਦਾ ਸੀ, ਪਰ ਆਏ ਦਿਨ ਰੁਜ਼ਗਾਰ ਮੰਗਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਡਾਗਾਂ ਨਾਲ ਕੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ, ਆਏ ਦਿਨ ਅਵਾਰਾ ਪਸ਼ੂਆਂ ਕਾਰਨ ਆਜਾਈਂ ਜਾਨਾਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਸਮੱਸਿਆ ਪਿਛਲੀ ਸਰਕਾਰ ਸਮੇਂ ਖੜ੍ਹੀਆਂ ਸਨ, ਉਹੀ ਸਮੱਸਿਆਵਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਜਿਉਂ ਦੀਆਂ ਤਿਉਂ ਹਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਉੱਤੇ ਰੈੱਡ ਲਾਈਨ ਲਾਉਣ ਵਾਲੀ ਤਲਵਾਰ ਲਟਕਾ ਕੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਜ਼ਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਰਾਜਸੀ ਪਾਰਟੀਆਂ ਦਾ ਖਹਿੜਾ ਛੱਡ ਕੇ ਸੰਘਰਸ਼ਾਂ ’ਤੇ ਟੇਕ ਰੱਖਣੀ ਚਾਹੀਦੀ ਹੈ। ਇਸੇ ਦੌਰਾਨ ਜਥੇਬੰਦੀ ਵੱਲੋਂ ਜ਼ਿਲ੍ਹਾ ਕਚਹਿਰੀਆਂ ਤੋਂ ਬੱਸ ਸਟੈਂਡ ਤੱਕ ਪ੍ਰਸ਼ਾਸਨ ਖਿਲਾਫ਼ ਰੋਸ ਮਾਰਚ ਕੀਤਾ ਗਿਆ ਅਤੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਇਸ ਮੌਕੇ ਲਖਵੀਰ ਸਿੰਘ ਅਕਲੀਆ, ਮੱਖਣ ਸਿੰਘ ਭੈਣੀਬਾਘਾ, ਜਗਦੇਵ ਸਿੰਘ ਭੈਣੀਬਾਘਾ, ਜਗਦੇਵ ਕੋਟਲੀ ਕਲਾਂ, ਰੂਪ ਸਿੰਘ ਖਿਆਲਾ, ਗੁਰਚਰਨ ਉੱਲਕ, ਅਮਰਜੀਤ ਜੌੜਕੀਆਂ, ਰਾਮ ਸਿੰਘ ਰਾਮਾਨੰਦੀ, ਬਿੰਦਰ ਸਿੰਘ ਭੰਮੇ,ਭੂਰਾ ਸਿੰਘ ਝੇਰਿਆਂਵਾਲੀ, ਦੇਸਪਾਲ ਸਿੰਘ ਬੋਹਾ, ਗੁਰਕਰਤਾਰ ਬੋੜਾਵਾਲ, ਬਲਵਿੰਦਰ ਸਿੰਘ, ਗੁਰਮੇਲ ਸਿੰਘ ਚਕੇਰੀਆਂ, ਵਰਿਆਮ, ਸਿਕੰਦਰ ਖਿਆਲਾ ਨੇ ਵੀ ਸੰਬੋਧਨ ਕੀਤਾ।