ਨਿੱਜੀ ਪੱਤਰ ਪ੍ਰੇਰਕ
ਮੋਗਾ, 26 ਮਈ
ਫ਼ਰੀਦਕੋਟ ਹਲਕੇ’ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਚੋਣ ਪ੍ਰਚਾਰ ਦੌਰਾਨ ਵੋਟਾਂ ਮੰਗਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੀਡਰਾਂ ਪਿੱਛੇ ਲੱਗ ਕੇ ਆਪਸ ਵਿੱਚ ਵੈਰ ਨਾ ਪਾਉਣ। ਇਸ ਮੌਕੇ ਨਾਮਵਰ ਗਾਇਕ ਅਤੇ ਅਦਾਕਾਰ ਗੈਵੀ ਚਾਹਲ, ਜੀ ਖਾਨ, ਵਿੱਕੀ ਧਨੋਆ ਅਤੇ ਹਰਸਿਮਰਨ, ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਮੇਅਰ ਬਲਜੀਤ ਸਿੰਘ ਚਾਨੀ ਨੇ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਕਰਮਜੀਤ ਅਨਮੋਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਜਵਾਨਾਂ ਅਤੇ ਦੁਕਾਨਦਾਰਾਂ ਨੂੰ ਰੱਜ ਕੇ ਤੜਫਾਇਆ ਹੈ। ਸਭ ਤੋਂ ਵੱਧ ਸਮਾਂ ਸੱਤਾ ਵਿਚ ਰਹਿਣ ਵਾਲੀ ਕਾਂਗਰਸ ਵਾਂਗ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਮੋਦੀ ਸਰਕਾਰ ਵੀ ਕਿਸਾਨਾਂ, ਮਜ਼ਦੂਰਾਂ, ਜਵਾਨਾਂ ਦੀ ਨਾ ਹੋਈ। ਇਸ ਲਈ ਕਾਂਗਰਸ ਅਤੇ ਭਾਜਪਾ ਨੂੰ ਵੋਟ ਪਾਉਣਾ ਆਪਣੇ ਪੈਰ ’ਤੇ ਕੁਹਾੜੀ ਮਾਰਨ ਵਰਗਾ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀ ਸਲੂਕ ਕੀਤਾ ਹੈ, ਉਸ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਲੋਕਾਂ ਦੇ ਜ਼ੀਰੋ ਬਿਜਲੀ ਬਿੱਲ ਅਤੇ ਖੇਤਾਂ ਲਈ ਬਿਜਲੀ, ਟੇਲਾਂ ਤੱਕ ਨਹਿਰੀ ਪਾਣੀ ਅਤੇ ਪਾਈਪਲਾਈਨਾਂ ਦਾ ਜਾਲ ਵਿਛਾਉਣ, ਸੜਕ ਸੁਰੱਖਿਆ ਫੋਰਸ ਤਾਇਨਾਤ ਕਰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਲਈ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਮਾਨ ਸਰਕਾਰ ਵੱਲੋਂ ਘਰ-ਘਰ ਰਾਸ਼ਨ ਸਕੀਮ ਨੂੰ ਗਰੀਬਾਂ ਲਈ ਵਰਦਾਨ ਦੱਸਦੇ ਹੋਏ ਕਿਹਾ ਕਿ ਜਿਨ੍ਹਾਂ ਲੋੜਵੰਦਾਂ ਦੇ ਕਿਸੇ ਨਾ ਕਿਸੇ ਕਾਰਨ ਰਾਸ਼ਨ ਕਾਰਡ ਕੱਟੇ ਗਏ ਹਨ, ਵੋਟਾਂ ਤੋਂ ਤੁਰੰਤ ਬਾਅਦ ਸਰਕਾਰੀ ਕਰਮਚਾਰੀ ਉਨ੍ਹਾਂ ਦੇ ਘਰ ਆ ਕੇ ਰਾਸ਼ਨ ਕਾਰਡ ਬਣਾਉਣਗੇ। ਉਨ੍ਹਾਂ ਕਿਹਾ ਕਿ ਮਹਿਲਾਵਾਂ ਲਈ ਇੱਕ-ਇੱਕ ਹਜ਼ਾਰ ਰੁਪਏ ਦੀ ਗਾਰੰਟੀ ਨੂੰ ਵੀ ਅਗਲੇ ਕੁਝ ਮਹੀਨਿਆਂ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਰਮਜੀਤ ਵੱਲੋਂ ਦਿੱਤੇ ਭਰੋਸੇ ਦੀ ਤਾਕੀਦ ਕਰਦੇ ਹੋਏ ਕਿਹਾ ਕਿ ਮਾਨ ਸਰਕਾਰ ਆਪਣੀਆਂ ਸਾਰੀਆਂ ਗਾਰੰਟੀਆਂ ਜਲਦੀ ਪੂਰੀਆਂ ਕਰਕੇ 2027 ਚ ਆਪਣੇ ਕੰਮਾਂ ਦੇ ਦਮ ’ਤੇ ਵੋਟਾਂ ਮੰਗੇਗੀ।
ਫ਼ਤਹਿਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਹਲਕੇ ਨੂੰ ਨਮੂਨੇ ਦਾ ਖਿੱਤਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਹ ਲੰਘੀ ਦੇਰ ਸ਼ਾਮ ਇੱਥੇ ਧਰਮਕੋਟ ਚੌਕ ਵਿੱਚ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਦੀ ਅਗਵਾਈ ਹੇਠ ਇਕ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਸੂਬੇ ਵਿਚਲੀ ਆਮ ਆਦਮੀ ਪਾਰਟੀ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸਿਆਸੀ ਵਿਰੋਧੀਆਂ ਨੂੰ ਵਿਕਾਸ ਮੁੱਦੇ ’ਤੇ ਬਹਿਸ ਦੀ ਚੁਣੌਤੀ ਦਿੰਦੇ ਹਨ। ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਕਿਹਾ ਕਿ ਉਨ੍ਹਾਂ ਲੰਘੇ ਦੋ ਸਾਲਾਂ ਵਿਚ ਹਲਕੇ ਅੰਦਰ ਕੀਤੇ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਲੋਕ ਕਚਹਿਰੀ ਵਿੱਚ ਰੱਖਿਆ ਹੈ।