ਪੱਤਰ ਪ੍ਰੇਰਕ
ਮਾਨਸਾ, 9 ਅਕਤੂਬਰ
ਮਾਨਸਾ ਸ਼ਹਿਰ ਵਿੱਚ ਸੜਕਾਂ ਦੀ ਮਾੜੀ ਹਾਲਤ ਹੋਣ ਦੇ ਨਾਲ-ਨਾਲ ਸੀਵਰੇਜ ਦੀ ਵਿਗੜੀ ਹਾਲਤ ਨੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਫਸਾਇਆ ਹੋਇਆ ਹੈ। ਸ਼ਹਿਰ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਹਰ ਰੋਜ਼ ਸੀਵਰੇਜ ਓਵਰਫਲੋਅ ਹੋਣ ਕਾਰਨ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਜਮ੍ਹਾਂ ਰਹਿੰਦਾ ਹੈ। ਇਸ ਦੇ ਚੱਲਦਿਆਂ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਾਣਕਾਰੀ ਮੁਤਾਬਿਕ ਪਿਛਲੇ ਤਿੰਨ ਦਿਨਾਂ ਤੋਂ ਗਊਸ਼ਾਲਾ ਰੋਡ ਨੇੜੇ ਗੁਰਦੁਆਰਾ ਚੌਕ ’ਤੇ ਸੀਵਰੇਜ ਓਵਰਫਲੋਅ ਹੋਣ ਕਾਰਨ ਦੁਕਾਨਾਂ ਅੱਗੇ ਗੰਦਾ ਪਾਣੀ ਖੜ੍ਹਨ ਕਰਕੇ ਦੁਕਾਨਦਾਰ ਪ੍ਰੇਸ਼ਾਨ ਹਨ। ਇਸ ਸਬੰਧੀ ਦੁਕਾਨਦਾਰ ਸੱਤਪਾਲ, ਰਮੇਸ਼ ਜਿੰਦਲ, ਸੰਜੈ ਸਿੰਗਲਾ, ਦਵਿੰਦਰ ਕੁਮਾਰ ਸਿੰਗਲਾ, ਸੁਰਿੰਦਰ ਕੁਮਾਰ, ਰੋਹਿਤ ਤੇ ਮਹਿਤਾ ਪਾਨ ਨੇ ਭਾਰੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸੀਵਰੇਜ ਵਿਵਸਥਾ ਕਾਰਨ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਰਿਹਾ ਹੈ ਤੇ ਦੁਕਾਨਾਂ ਅੱਗੇ ਗੰਦਾ ਪਾਣੀ ਖੜ੍ਹਨ ਕਾਰਨ ਉਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੁਕਾਨਦਾਰਾਂ ਨੇ ਕਿਹਾ ਕਈ ਕਈ ਦਿਨਾਂ ਤੱਕ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਜਿੱਥੇ ਸੜਕਾਂ ਨੂੰ ਨੁਕਸਾਨ ਪਹੁੰਚਦਾ ਹੈ, ਉੱਥੇ ਵੱਖ-ਵੱਖ ਬਿਮਾਰੀਆਂ ਲੱਗਣ ਦਾ ਵੀ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਵਿੱਚ ਡੇਂਗੂ ਬੁਖਾਰ ਤੇ ਮਲੇਰੀਆ ਫੈਲਣ ਤੋਂ ਰੋਕਣ ਲਈ ਸੀਵਰੇਜ ਸਿਸਟਮ ਵਿੱਚ ਸੁਧਾਰ ਲਿਆਂਦਾ ਜਾਵੇ।