ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 30 ਮਈ
ਕਰੋਨਾ ਮਹਾਮਾਰੀ ਦੌਰਾਨ ਸਫਾਈ ਸੇਵਕਾਂ ਦੀ ਸੂਬਾ ਪੱਧਰੀ ਹੜਤਾਲ ਦੇ ਚੱਲਦਿਆਂ ਮੁਕਤਸਰ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ’ਚ ਕੂੜੇ ਦੇ ਢੇਰ ਇਸ ਕਦਰ ਵੱਡੇ ਤੇ ਬਦਬੂਦਾਰ ਬਣ ਗਏ ਹਨ ਕਿ ਲੋਕਾਂ ਨੂੰ ਸਾਹ ਲੈਣਾ ਵੀ ਦੁੱਭਰ ਹੋ ਗਿਆ। ਇਥੇ ਕਿਸੇ ਸਮੇਂ ਵੀ ਕੋਈ ਗੰਭੀਰ ਬਿਮਾਰੀ ਫੈਲ ਸਕਦੀ ਹੈ। ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਪਾਰਕ ਅਤੇ ਮਾਈ ਭਾਗੋ ਹੈਰੀਟੇਜ ਪਾਰਕ ਦੇ ਵਿਚਕਾਰ ਦਾ ਦ੍ਰਿਸ਼ ਕਿਸੇ ਨਰਕ ਤੋਂ ਘੱਟ ਨਹੀਂ ਹੈ। ਸੰਘਣੀ ਆਬਾਦੀ ਹੋਣ ਕਰਕੇ ਗੰਦਗੀ ਦੀ ਬਦਬੂ ਕਾਰਨ ਘਰਾਂ ’ਚ ਬੈਠੇ ਲੋਕ ਦੁਖੀ ਹਨ। ਇਸੇ ਤਰ੍ਹਾਂ ਨਗਰ ਕੌਂਸਲ ਦਫਤਰ ਦੇ ਮੂਹਰੇ, ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ, ਨਹਿਰੂ ਚੌਕ ਆਦਿ ਖੇਤਰ ਕੂੜੇ ਨਾਲ ਭਰੇ ਪਏ ਹਨ। ਦੁਕਾਨਾਂ ਖੋਲ੍ਹਣੀਆਂ ਔਖੀਆਂ ਹਨ। ਲੋਕ ਸਰਕਾਰ ਦੀ ਚੁੱਪੀ ’ਤੇ ਖਫ਼ਾ ਹਨ। ਇਸ ਦੌਰਾਨ ਸਫਾਈ ਸੇਵਕ ਜਥੇਬੰਦੀ ਦੇ ਪ੍ਰਧਾਨ ਵਿਜੈ ਕੁਮਾਰ ਨੇ ਦੱਸਿਆ ਕਿ ਜੇ ਮੰਗਾਂ ਪੂਰੀਆਂ ਹੋਈਆਂ ਤਾਂ ਉਹ ਹੜਤਾਲ ਖੋਲ੍ਹ ਦੇਣਗੇ ਨਹੀਂ ਤਾਂ ਸੜਕੀ ਸੰਘਰਸ਼ ਸ਼ੁਰੂ ਕਰਨਗੇ।
ਮਾਨਸਾ (ਜੋਗਿੰਦਰ ਸਿੰਘ ਮਾਨ): ਸਫ਼ਾਈ ਕਾਮਿਆਂ ਦੀ ਹੜਤਾਲ ਨੇ ਸ਼ਹਿਰਾਂ ਦਾ ਸਫ਼ਾਈ ਪਾਸਿਓਂ ਸੱਤਿਆਨਾਸ਼ ਕਰ ਦਿੱਤਾ ਹੈ। ਹਰ ਪਾਸੇ ਗੰਦਗੀ ਦੇ ਢੇਰ ਲੱਗ ਗਏ ਹਨ, ਜਿਨ੍ਹਾਂ ਦੇ ਕੋਲੋਂ ਦੀ ਲੰਘਣਾ ਔਖਾ ਹੋ ਗਇਆ। ਇਸ ਸਬੰਧੀ ਨਗਰ ਕੌਸਲ ਦੇ ਪ੍ਰਧਾਨ ਜਸਵੀਰ ਕੌਰ ਚੌਹਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਫ਼ਾਈ ਕਾਮਿਆਂ ਦੀ ਹੜਤਾਲ ਖ਼ਤਮ ਕਰਵਾਉਣ ਲਈ ਜ਼ੋਰਦਾਰ ਉਪਰਾਲੇ ਕਰ ਰਹੀ ਹੈ।
ਆਸਰਾ ਫਾਊਂਡੇਸ਼ਨ ਆਰੰਭ ਕਰੇਗੀ ਸਫ਼ਾਈ ਮੁਹਿੰਮ
ਬਰੇਟਾ (ਪੱਤਰ ਪ੍ਰੇਰਕ): ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਸਫ਼ਾਈ ਦੇ ਹੋਏ ਮੰਦੇ ਹਾਲ ਤੋਂ ਰਾਹਤ ਦਿਵਾਉਣ ਲਈ ਆਸਰਾ ਫਾਊਂਡੇਸ਼ਨ ਦੇ ਪ੍ਰਧਾਨ ਗਿਆਨ ਚੰਦ ਆਜ਼ਾਦ ਤੇ ਸਕੱਤਰ ਅਜੈਬ ਸਿੰਘ ਵੱਲੋਂ ਸਫਾਈ ਦੇ ਕੰਮ ਵਿਚ ਸਹਿਯੋਗ ਦੀ ਪੇਸ਼ਕਸ਼ ਮਿਲਣ ’ਤੇ ਮੰਗਲਵਾਰ ਤੋਂ ਆਸਰਾ ਫਾਊਂਡੇਸ਼ਨ ਦੇ ਵਾਲੰਟੀਅਰਾਂ ਤੇ ਕੌਂਸਲਰਾਂ ਵੱਲੋਂ ਸਾਂਝੇ ਤੌਰ ’ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਆਰੰਭੀ ਜਾਵੇਗੀ ਇਹ ਜਾਣਕਾਰੀ ਨਗਰ ਕੌਂਸਲ ਪ੍ਰਧਾਨ ਗਾਂਧੀ ਤੇ ਉਪ ਪ੍ਰਧਾਨ ਅਮਨਦੀਪ ਜੈਨ ਨੇ ਦਿੱਤੀ।