ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 3 ਅਗਸਤ
ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਨੇ ਨਿਹਾਲ ਸਿੰਘ ਵਾਲਾ ਸਥਿਤ ਕਮਿਊਨਿਸਟ ਪਾਰਟੀ ਦੇ ਦਫ਼ਤਰ ਵਿੱਚ ਪਾਰਟੀ ਮੈਂਬਰਾਂ ਲਈ ਸਿਧਾਂਤਕ ਕੈਂਪ ਲਗਾਇਆ ਤੇ ਕਰੋਨਾਵਾਇਰਸ ਸਬੰਧੀ ਕੌਮਾਂਤਰੀ ਪੱਧਰ ਦੇ ਮਸਲਿਆਂ ਦੇ ਸੰਭਾਵੀ ਹੱਲ ਬਾਰੇ ਚਰਚਾ ਕੀਤੀ।
ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ 150 ਸਾਲਾ ਜਨਮ ਵਰ੍ਹੇ ਨੂੰ ਸਮਰਪਿਤ ਇਸ ਕੈਂਪ ਦੌਰਾਨ ਬਲਾਕ ਸਕੱਤਰ ਜਗਜੀਤ ਸਿੰਘ ਧੂੜਕੋਟ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ। ਕਾਮਰੇਡ ਜਗਰੂਪ ਨੇ ਕਿਹਾ ਕਿ ਅੱਜ ਕਰਜ਼ਿਆਂ ਦੇ ਇਸ ਜੰਜਾਲ ਵਿਰੁੱਧ ਸਾਰੇ ਤਬਕਿਆਂ ਦੀ ਸਾਂਝੀ ਲੜਾਈ ਦੀ ਲੋੜ ਹੈ। ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਉੱਤੇ ਕਾਰੋਬਾਰ ਠੱਪ ਕਰ ਕੇ, ਰੁਜ਼ਗਾਰ ਬੰਦ ਕਰ ਕੇ ਆਮਦਨ ਉੱਤੇ ਰੋਕ ਲਗਾਈ ਹੈ। ਰੋਕ ਕਰ ਕੇ ਹੀ ਲੋਕਾਂ ਨੂੰ ਆਪਣੇ ਇਲਾਜ, ਪੜ੍ਹਾਈ, ਘਰ, ਰੋਟੀ, ਖੇਤੀ, ਸਵੈ-ਰੁਜਗਾਰ ਲਈ ਕਰਜ਼ੇ ਚੁੱਕਣੇ ਪੈ ਰਹੇ ਹਨ। ਜੇਕਰ ਹਰੇਕ ਨੂੰ ਰੁਜ਼ਗਾਰ ਦੀ ਗਰੰਟੀ ਹੋਵੇ ਤਾਂ ਸਭ ਦੀ ਬੱਝਵੀਂ ਆਮਦਨ ਹੋਵੇਗੀ ਤੇ ਕਰਜ਼ੇ ਚੁੱਕਣ ਦੀ ਜ਼ਰੂਰਤ ਨਹੀਂ ਰਹੇਗੀ।
ਕਾਮਰੇਡ ਜਗਰੂਪ ਨੇ ਕਿਹਾ ਕਿ ਅੱਜ ਲੋੜ ਹੈ ਕਿ ਦੇਸ਼ ਵਿੱਚ ਸਭ ਨੂੰ ਪੱਕੇ ਰੁਜ਼ਗਾਰ ਦੀ ਗਰੰਟੀ ਵਾਸਤੇ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ਲਈ ਆਵਾਜ਼ ਬੁਲੰਦ ਕੀਤੀ ਜਾਵੇ। ਕਾਰਜਕਰਨੀ ਦੇ ਮੈਂਬਰ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਬਾਬਾ ਭਕਨਾ ਦਾ ਇਹ 150 ਸਾਲਾ ਜਨਮ ਵਰ੍ਹਾ ਲੋਕਾਂ ਨੂੰ ਵਿਸ਼ੇਸ਼ ਸੈਮੀਨਾਰਾਂ, ਕੈਂਪਾਂ ਰਾਹੀਂ ਜਗਰੂਕ ਕਰਦਿਆਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਰਮਵੀਰ ਬੱਧਨੀ, ਸੁਖਦੇਵ ਭੋਲਾ, ਮੰਗਤ ਰਾਏ, ਗੁਰਦਿੱਤ ਦੀਨਾ, ਸਿਕੰਦਰ ਸਿੰਘ ਮਧੇਕੇ, ਸੂਬੇਦਾਰ ਜੋਗਿੰਦਰ ਸਿੰਘ ਤਖਤੂਪੁਰਾ, ਹਰਭਜਨ ਭੱਟੀ ਬਿਲਾਸਪੁਰ, ਜਸਵੀਰ ਕੌਰ ਸਾਬਕਾ ਪੰਚ, ਮਾਸਟਰ ਮੱਲ ਸਿੰਘ ਪੱਤੋ ਹਾਜ਼ਰ ਸਨ। ਕਾਮਰੇਡ ਮਹਿੰਦਰ ਸਿੰਘ ਧੂੜਕੋਟ ਨੇ ਅਖੀਰ ਸਭਨਾਂ ਦਾ ਧੰਨਵਾਦ ਕੀਤਾ।