ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ, 30 ਜਨਵਰੀ
ਅੱਜ ਲੰਬੀ ਅਤੇ ਡੱਬਵਾਲੀ ਹਲਕੇ ਦੇ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਔਰਤਾਂ ਨੇ ਡੱਬਵਾਲੀ ਸ਼ਹਿਰ ਅਤੇ ਮੰਡੀ ਕਿੱਲਿਆਂਵਾਲੀ ਵਿੱਚ ਅੰਤਰਰਾਜੀ ਲੋਕ ਏਕਤਾ ਮਾਰਚ ਕੱਢਿਆ ਗਿਆ। ਲੰਬੀ ਹਲਕੇ ਦੇ ਕਸਬੇ ਮੰਡੀ ਕਿੱਲਿਆਂਵਾਲੀ ਤੋਂ ਸ਼ੁਰੂ ਹੋ ਕੇ ਹਰਿਆਣਵੀ ਸ਼ਹਿਰ ਡੱਬਵਾਲੀ ਦੇ ਬਾਜ਼ਾਰਾਂ ਵਿੱਚੋਂ ਗੁਜ਼ਰਿਆ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦਾਅਵਾ ਕੀਤਾ ਕਿ ਲਾਲ ਕਿਲੇ ਦੀ ਘਟਨਾ ਇਸੇ ਸਾਜਿਸ਼ ਦੀ ਮੁੱਢਲੀ ਕੜੀ ਸੀ। ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਹਰਪਲ ਸਿੰਘ ਕਿੱਲਿਆਂਵਾਲੀ, ਜਗਦੀਪ ਸਿੰਘ ਖੁੱਡੀਆਂ, ਜਗਸੀਰ ਸਿੰਘ ਗੱਗੜ ਨੇ ਐਲਾਨ ਕੀਤਾ ਕਿ ਕੱਲ 31 ਜਨਵਰੀ ਤੋਂ ਪਿੰਡ ਜਗਾਓ-ਪਿੰਡ ਹਿਲਾਓ ਮੁਹਿੰਮ ਤਹਿਤ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਅਤੇ ਵੱਡੇ ਕਾਫ਼ਲੇ ਦਿੱਲੀ ਵੱਲ ਰਵਾਨਾ ਕੀਤੇ ਜਾਣਗੇ।
ਪਿੰਡਾਂ ਵਿੱਚ ਝੰਡਾ ਮਾਰਚ
ਫਾਜ਼ਿਲਕਾ (ਪਰਮਜੀਤ ਸਿੰਘ): ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਦਿੱਲੀ ਅੰਦੋਲਨ ਬਾਰੇ ਮੋਦੀ ਸਰਕਾਰ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਵਿਰੁੱਧ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਦਿੱਲੀ ਅੰਦੋਲਨ ਵਿੱਚ ਕਿਸਾਨਾਂ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਲਈ ਮੰਡੀ ਲਾਧੂਕਾ ਤੋਂ ਪਿੰਡ ਬਾਘੇਵਾਲਾ, ਫਰਵਾਂਵਾਲਾ, ਲਾਲੋਵਾਲੀ, ਤੁਰਕਾਂ ਵਾਲੀ, ਜੋੜਕੀ ਅੰਧੇਵਾਲੀ, ਅਭੁੰਨ, ਚੱਕ ਬਨਵਾਲਾ, ਚੱਕ ਡਬਵਾਲਾ, ਜੋੜਕੀ ਕੰਕਰਵਾਲੀ, ਚਾਹਲਾਂ, ਟਾਹਲੀਵਾਲਾ ਬੋਦਲਾ, ਮਾਹੂਆਣਾ, ਝੋਟਿਆਂ ਵਾਲੀ, ਅਰਨੀਵਾਲਾ ’ਚ ਝੰਡਾ ਮਾਰਚ ਕੀਤਾ ਗਿਆ। ਆਗੂਆਂ ਨੇ ਵੱਧ ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਤੇ ਆਮ ਲੋਕਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ ਕੀਤੀ।