ਜੋਗਿੰਦਰ ਸਿੰਘ ਮਾਨ
ਮਾਨਸਾ, 30 ਜੂਨ
ਪੇਂਡੂ ਸਿਹਤ ਫਾਰਮੇਸੀ ਅਫ਼ਸਰ ਤੇ ਦਰਜਾ ਚਾਰ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਨੂੰ ਲੈ ਕੇ ਲਗਾਤਾਰ ਦਿੱਤਾ ਜਾ ਰਿਹਾ ਧਰਨਾ ਅੱਜ 12ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦਾ ਕਹਿਣਾ ਹੈ ਕਿ ਉਹ ਕਰੋਨਾ ਦੌਰਾਨ ਵੀ ਫਰੰਟਲਾਈਨ ਉਤੇ ਨਿਗੂਣੀਆਂ ਤਨਖਾਹਾਂ ਬਦਲੇ ਕੰਮ ਕਰ ਰਹੇ ਹਨ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸ਼ਰਮਾ ਨੇ ਧਰਨਾਕਾਰੀਆਂ ਨੂੰ ਕਿਹਾ ਕਿ ਲਗਾਤਾਰ 12 ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਇਨ੍ਹਾਂ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਇਨ੍ਹਾਂ ਵਿੱਚ ਸਰਕਾਰ ਖਿਲਾਫ਼ ਰੋਸ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਖਰਚ ਕਰਕੇ ਹਾਸਲ ਕਰਕੇ ਪ੍ਰਾਪਤ ਕੀਤੀਆਂ ਮੈਡੀਕਲ ਡਿਗਰੀਆਂ ਨੂੰ ਪੰਜਾਬ ਸਰਕਾਰ ਨੇ ਰੋਲ਼ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮੂਹ ਫਾਰਮਾਸਿਸਟ ਅਤੇ ਕਲਾਸ ਫੋਰ ਰੈਗੂਲਰ ਹੋਣ ਲਈ ਆਪਣੀ ਵਿਦਿਅਕ ਯੋਗਤਾ ਪੂਰੀ ਕਰਦੇ ਹਨ ਅਤੇ 14 ਸਾਲ ਬੀਤ ਜਾਣ ਦੇ ਬਾਅਦ ਵੀ ਫਾਰਮਾਸਿਸਟ ਅਤੇ ਕਲਾਸ ਫੋਰ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਗੁਰਪ੍ਰੀਤ ਮੌਜੋ, ਹਰਪਾਲ ਮਾਖਾ, ਕੀਮਤ ਰਾਏ, ਮੰਜੂ ਬਾਲਾ, ਪਰਮਿੰਦਰ ਸਿੰਘ, ਜਸਵੀਰ ਸਿੰਘ ਨੇ ਵੀ ਸੰਬੋਧਨ ਕੀਤਾ।