ਪ੍ਰਸ਼ੋਤਮ ਬੱਲੀ
ਬਰਨਾਲਾ, 6 ਜੁਲਾਈ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਦੇ ਸਮੇਂ ਤੋਂ ਠੇਕੇ ’ਤੇ ਕੰਮ ਕਰ ਰਹੇ ਰੂਰਲ ਫਾਰਮੇਸੀ ਅਫ਼ਸਰਾਂ ਤੇ ਦਰਜਾ ਚਾਰ ਕਰਮਚਾਰੀਆਂ ਦਾ ਰੈਗੂਲਰ ਹੋਣ ਲਈ ਸੰਘਰਸ਼ 18ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਥਾਨਕ ਜ਼ਿਲ੍ਹਾ ਪਰਿਸ਼ਦ ਦਫ਼ਤਰ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਰੂਰਲ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਰਜੇਸ਼ ਕੁਮਾਰ ਤੇ ਕਲਾਸ ਫੋਰ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ ਨੇ ਕਿਹਾ ਕਿ ਮਹਾਮਾਰੀ ਦੇ ਭਾਰੀ ਸੰਕਟ ਦੌਰਾਨ ਕਰੋਨਾ ਯੋਧਿਆਂ ਦੀ ਭੂਮਿਕਾ ਨਿਭਾਅ ਰਹੇ ਇਨ੍ਹਾਂ ਕਾਮਿਆਂ ਨੂੰ ਸਰਕਾਰ ਲਗਾਤਾਰ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਲਕੇ (7 ਜੁਲਾਈ) ਨੂੰ ਪੰਚਾਇਤੀ ਵਿਭਾਗ ਡਾਇਰੈਕਟਰ ਦਫ਼ਤਰ ਮੁਹਾਲੀ ਵਿੱਚ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਲੋਕ ਹਿੱਤ ਨੂੰ ਅੱਗੇ ਰੱਖ ਕੇ ਪੱਕੇ ਕਰਨ ਦਾ ਫੌਰੀ ਨੋਟੀਫਿਕੇਸ਼ਨ ਸਰਕਾਰ ਜਾਰੀ ਕਰੇ। ਇਸ ਮੌਕੇ ਜ਼ਿਲ੍ਹਾ ਸਕੱਤਰ ਵਿਰੇਂਦਰ ਬਚਨ, ਸੀਮਾ ਦੁੱਗਲ, ਸਰਬਜੀਤ ਕੌਰ, ਮਨਮੋਹਨ ਸਿੰਘ, ਰਮਨ ਕੁਮਾਰ ਅਤੇ ਇਕਬਾਲ ਸਿੰਘ ਹਾਜ਼ਰ ਸਨ।