ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਸਤੰਬਰ
ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲੀਸ ਨੇ ਐੱਸਐੱਮਓ ਦੀ ਸ਼ਿਕਾਇਤ ਉੱਤੇ ਸੀਐੱਚਸੀ ਨਿਹਾਲ ਸਿੰਘ ਵਾਲਾ ਦੇ ਫਾਰਮੇਸੀ ਅਫ਼ਸਰ ਖ਼ਿਲਾਫ਼ ਗਬਨ ਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਫਾਰਮੇਸੀ ਅਫ਼ਸਰ ਉੱਤੇ ਐੱਸਐੱਮਓ ਦੇ ਕਰੀਬ ਇੱਕ ਦਰਜਨ ਤੋਂ ਵੱਧ ਚੈੱਕਾਂ ਉੱਤੇ ਜਾਅਲੀ ਹਸਤਾਖ਼ਰ ਕਰ ਕੇ ਐੱਸਬੀਆਈ ਬੈਂਕ ’ਚੋਂ ਧੋਖਾਧੜੀ ਨਾਲ ਕਰੀਬ 12 ਲੱਖ ਰੁਪਏ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲੈਣ ਦਾ ਦੋਸ਼ ਹੈ। ਇਸ ਮੌਕੇ ਥਾਣਾ ਨਿਹਾਲ ਸਿਘ ਵਾਲਾ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਐੱਸਐੱਮਓ ਡਾ. ਯੁਗੇਸ਼ ਖੰਨਾ ਦੀ ਸ਼ਿਕਾਇਤ ਉੱਤੇ ਸੀਐੱਚਸੀ ਨਿਹਾਲ ਸਿੰਘ ਵਾਲਾ ਦੇ ਫ਼ਾਰਮੇਸੀ ਅਫ਼ਸਰ ਜੱਗਾ ਸਿੰਘ ਵਾਸੀ ਰਾਧਾ ਅਰਾਣੀ ਐੱਨਕਲੇਵ, ਸੰਘੇੜਾ ਰੋਡ ਬਰਨਾਲਾ ਖ਼ਿਲਾਫ਼ ਆਈਪੀਸੀ ਦੀ ਧਾਰਾ 409/420/467/468/471 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐਫ਼ਆਈਆਰ ਮੁਤਾਬਕ ਮੁਲਜਮ ਫ਼ਾਰਮੇਸੀ ਅਫ਼ਸਰ ਨੇ ਪੜਤਾਲ ਦੌਰਾਨ ਜਿੱਥੇ ਇਹ ਘੁਟਾਲੇ ਦੀ ਰਕਮ ਜਮਾਂ ਕਰਵਾਉਣ ਦੀ ਗੱਲ ਮੰਨੀ ਉੱਥੇ ਐੱਸਐੱਮਓ ਉੱਤੇ ਵੀ ਗੰਭੀਰ ਦੋਸ਼ ਲਗਾਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐਫ਼ਆਈਆਰ ਮੁਤਾਬਕ ਇੱਥੇ ਲੇਖਾਕਾਰ ਨਾ ਹੋਣ ਕਾਰਨ ਫ਼ਾਰਮੇਸੀ ਅਫ਼ਸਰ ਹੀ ਲੇਖਾਕਾਰ ਵਾਲੀ ਡਿਊਟੀ ਦਾ ਸਾਰਾ ਹਿਸਾਬ ਕਿਤਾਬ ਕਰਦਾ ਸੀ। ਮੁਲਜ਼ਮ ’ਤੇ ਦੋਸ਼ ਹੈ ਕਿ ਉਸਨੇ ਐੱਸਐੱਮਓ ਦੇ ਕਰੀਬ ਇੱਕ ਦਰਜਨ ਤੋਂ ਵੱਧ ਚੈੱਕਾਂ ਉੱਤੇ ਜਾਅਲੀ ਹਸਤਾਖ਼ਰ ਕਰ ਕੇ ਬੈਂਕ ’ਚੋਂ ਕਰੋਨਾ ਕਾਲ ਦੌਰਾਨ ਧੋਖਾਧੜੀ ਨਾਲ ਕਰੀਬ 12 ਲੱਖ ਰੁਪਏ ਦੀ ਰਕਮ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲਈ।