ਪਰਮਜੀਤ ਸਿੰਘ
ਫਾਜ਼ਿਲਕਾ, 27 ਦਸੰਬਰ
ਪੰਜਾਬ ਦੇ ਪਿੰਡਾਂ ’ਚ ਆਉਂਦੀਆਂ ਲਗਭਗ 1186 ਹੈਲਥ ਡਿਸਪੈਂਸਰੀਆਂ ’ਚ ਕੰਮ ਕਰਦੇ ਫਾਰਮੇਸੀ ਅਫ਼ਸਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਆਪਣਾ ਕੰਮ ਬੰਦ ਕਰਕੇ ਚੰਡੀਗੜ੍ਹ ’ਚ ਪੱਕੇ ਤੌਰ ’ਤੇ ਧਰਨਾ ਲਾਏ ਜਾਣ ਮਗਰੋਂ ਇੱਥੋਂ ਦੇ ਸਮੂਹ ਪਿੰਡਾਂ ਦੀਆਂ ਡਿਸਪੈਂਸਰੀਆਂ ’ਚ ਕੰਮ ਕਰਦੇ ਫਾਰਮੇਸੀ ਅਫ਼ਸਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਵੀ ਡਿਸਪੈਂਸਰੀਆਂ ਦਾ ਕੰਮ ਬੰਦ ਕਰਕੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਪੱਕਾ ਮੋਰਚਾ ਖੋਲ੍ਹ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਫਾਰਮੇਸੀ ਅਫ਼ਸਰਾਂ ਅਤੇ ਦਰਜਾ ਚਾਰ ਕਰਮਚਾਰੀਆਂ ਦੇ ਆਗੂਆਂ ਨੇ ਦੱਸਿਆ ਕਿ ਉਹ ਸੂਬੇ ਦੀਆਂ ਡਿਸਪੈਂਸਰੀਆਂ ’ਚ ਸਾਲ 2006 ਤੋਂ ਕੰਮ ਕਰ ਰਹੇ ਹਨ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਚੰਨੀ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਉਸ ਨੇ 36000 ਕਰਮਚਾਰੀਆਂ ਨੂੰ ਪੱਕਾ ਕੀਤਾ ਹੈ, ਜੋ ਸਰਾਸਰ ਝੂਠ ਬੋਲ ਰਹੀ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ’ਚ ਕੰਮ ਕਰਨ ਵਾਲੇ ਰੂਰਲ ਹੈਲਥ ਫਾਰਮਾਸਿਸਟ ਅਫ਼ਸਰ ਅਤੇ ਦਰਜਾ ਚਾਰ ਕਰਮਚਾਰੀ ਤਦ ਤੱਕ ਸੰਘਰਸ਼ ਨਹੀਂ ਛੱਡਣਗੇ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਇਸ ਮੌਕੇ ਅਸ਼ੀਸ਼ ਸ਼ਰਮਾ, ਨਰੇਸ਼ ਕੁਮਾਰ, ਅਨਿਲ ਕੁਮਾਰ, ਕਰਮਵੀਰ ਸਿੰਘ, ਸੁਰਿੰਦਰ ਕੁਮਾਰ, ਸੁਭਾਸ਼ ਚੰਦਰ, ਆਰਤੀ ਕੁਮਾਰ, ਮਨੋਜ ਕੁਮਾਰ, ਰਵੀ ਪ੍ਰਕਾਸ਼, ਚੰਦਰ ਪ੍ਰਕਾਸ਼, ਮਦਨ ਲਾਲ, ਮਹਿੰਦਰਪਾਲ, ਪ੍ਰਭ ਦਿਆਲ ਹਾਜ਼ਰ ਸਨ।