ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 21 ਜੂਨ
ਪਿੰਡ ਮਹਿਰਾਜ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਗੀਤਾ ਅਰੋੜਾ ਦੀ ਅਗਵਾਈ ਹੇਠ ਕੌਮੀ ਸੇਵਾ ਯੋਜਨਾ (ਐੱਨਐੱਸਐੱਸ) ਯੂਨਿਟ ਵੱਲੋਂ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਐੱਨਐੱਸਐੱਸ ਵਾਲੰਟੀਅਰਾਂ ਨੇ ਵੱਖ-ਵੱਖ ਤਰ੍ਹਾਂ ਦੇ ਯੋਗ ਆਸਣ ਸਿਖਾਏ। ਪ੍ਰਿੰਸੀਪਲ ਗੀਤਾ ਅਰੋੜਾ ਨੇ ਬੱਚਿਆਂ ਨੂੰ ਸਰੀਰਕ ਤੰਦਰੁਸਤੀ ਦੀ ਮਹੱਤਤਾ ਬਾਰੇ ਦੱਸਦਿਆਂ, ਨਿਰੋਗ ਰਹਿਣ ਦੇ ਢੰਗ ਦੱਸੇ। ਪ੍ਰੋਗਰਾਮ ਅਫ਼ਸਰ ਮੋਹਿਤ ਭੰਡਾਰੀ ਨੇ ਬੱਚਿਆਂ ਨੂੰ ਆਪਣੇ ਜੀਵਨ ਵਿੱਚ ਯੋਗ ਅਪਣਾਉਣ ਦੀ ਸਲਾਹ ਦਿੱਤੀ ਅਤੇ ਰੋਜ਼ਾਨਾ ਯੋਗ ਕਰਨ ਲਈ ਪ੍ਰੇਰਿਆ। ਅਧਿਆਪਕਾ ਸੁਵਖੀਰ ਕੌਰ, ਤਰੁਨ ਕੁਮਾਰ ਅਤੇ ਲੈਕਚਰਾਰ ਹਰਵਿੰਦਰ ਨੇ ਵਿਦਿਆਰਥੀਆਂ ਨੂੰ ਆਪਣੇ ਸਰੀਰ ਦਾ ਧਿਆਨ ਰੱਖਣ ਅਤੇ ਹੋਰ ਲੋਕਾਂ ਨੂੰ ਯੋਗ ਆਸਣ ਸਿਖਾਉਣ ਦੀ ਅਪੀਲ ਕੀਤੀ। ਇਸ ਮੌਕੇ ਸਕੂਲ ਦੇ ਸਕਿਉਰਟੀ ਇੰਚਾਰਜ ਨਛੱਤਰ ਸਿੰਘ ਅਤੇ ਮਹਿੰਦਰ ਸਿੰਘ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਮੁਕਤਸਰ ਦੀਆਂ ਜ਼ਿਲ੍ਹਾ ਕਚਿਹਰੀਆਂ ’ਚ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਪ੍ਰਧਾਨਗੀ ਹੇਠ ਨਿਆਂ ਅਧਿਕਾਰੀਆਂ, ਵਕੀਲਾਂ, ਕਰਮਚਾਰੀਆਂ ਅਤੇ ਪੈਰਾ ਲੀਗਲ ਵਲੰਟੀਅਰਜ਼ ਵੱਲੋਂ ਵੀ ਭਾਗ ਲਿਆ ਗਿਆ।
ਫ਼ਤਹਿਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਵਿਦਿਅਕ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਅੱਜ ਪ੍ਰਿੰਸੀਪਲ ਅਮਰਦੀਪ ਸਿੰਘ ਦੀ ਅਗਵਾਈ ਹੇਠ ਆਨਲਾਈਨ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਸਮੇਂ ਵਿਦਿਆਰਥੀਆਂ ਨੇ ਵੱਖ-ਵੱਖ ਆਸਣ ਕੀਤੇ। ਬੱਚਿਆਂ ਨੂੰ ਯੋਗ ਆਸਣ ਕਰਨ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਉਪਰੰਤ ਬੱਚਿਆਂ ਨੇ ਯੋਗ ਦਿਵਸ ਨਾਲ ਸਬੰਧਤ ਪੋਸਟਰ ਅਤੇ ਸਲੋਗਨ ਵੀ ਬਣਾਏ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਸੰਧੂ ਅਤੇ ਐੱਮਡੀ ਰਣਜੀਤ ਕੌਰ ਸੰਧੂ ਨੇ ਦੱਸਿਆ ਕਿ ਯੋਗ ਨਾਲ ਬਿਮਾਰੀਆਂ ਤੋਂ ਵੀ ਨਿਜਾਤ ਹਾਸਲ ਕੀਤੀ ਜਾ ਸਕਦੀ ਹੈ।
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਮਨਾਇਆ ਗਿਆ, ਜਿਸ ਦੌਰਾਨ ਸਕੂਲਾਂ ਅਤੇ ਕਾਲਜਾਂ ਵਿੱਚ ਇਸ ਕੌਮੀ ਦਿਨ ’ਤੇ ਯੋਗਾ ਕੀਤੀ ਗਈ। ਸੈਂਟਰਲ ਪਾਰਕ ਮਾਨਸਾ ਵਿਖੇ ਯੋਗਾ ਕੈਂਪ ਮੌਕੇ ਵਿਧਾਇਕ ਡਾ.ਵਿਜੈ ਸਿੰਗਲਾ ਨੇ ਕਿਹਾ ਕਿ ਤੰਦਰੁਸਤ ਜੀਵਨ ਲਈ ਯੋਗ ਨੂੰ ਅਪਨਾਉਣਾ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਯੋਗ ਨੂੰ ਹਰ ਵਿਅਕਤੀ ਬੜੀ ਆਸਾਨੀ ਨਾਲ ਘਰ ਜਾਂ ਬਾਹਰ ਕਿਤੇ ਵੀ ਕਰ ਸਕਦਾ ਹੈ ਅਤੇ ਇਸ ਨੂੰ ਅਪਣਾ ਕੇ ਮਾਨਸਿਕ ਅਤੇ ਸਰੀਰਿਕ ਤੰਦਰੁਸਤੀ ਹਾਸਲ ਕਰ ਸਕਦੇ ਹਾਂ।