ਪੱਤਰ ਪ੍ਰੇਰਕ
ਮਾਨਸਾ, 19 ਅਗਸਤ
ਪੰਜਾਬੀ ਦੇ ਉੱਘੇ ਮਰਹੂਮ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਜਨਮ ਦਿਨ ਨੂੰ ਸਮਰਪਿਤ ਭਾਸ਼ਾ ਵਿਭਾਗ ਅਤੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵੱਲੋਂ ਯਾਦਗਾਰੀ ਭਾਸ਼ਣ ਅਤੇ ਨੁੱਕੜ ਨਾਟਕ ਕਰਵਾਇਆ ਗਿਆ, ਜਿਸ ਵਿੱਚ ਮਨਜੀਤ ਕੌਰ ਔਲਖ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਵਕਤਾ ਕਾਮਰੇਡ ਸੁਖਦਰਸ਼ਨ ਨੱਤ ਨੇ ਕਿਹਾ ਕਿ ਪ੍ਰੋ. ਅਜਮੇਰ ਔਲਖ ਨੇ ਆਪਣੇ ਨਾਟਕ ਨਿੱਜੀ ਤਜ਼ਰਬਿਆਂ ਨੂੰ ਆਧਾਰ ਬਣਾ ਕੇ ਲਿਖੇ ਹਨ। ਉਨ੍ਹਾਂ ਕਿਹਾ ਕਿ ਨਾਟਕਕਾਰ ਔਲਖ ਦੇ ਨਾਟਕ ਲੋਕ-ਪੀੜ ਨੂੰ ਕਲਾਮਈ ਢੰਗ ਨਾਲ ਦਰਸਾਇਆ ਹੈ।
ਇਸ ਮੌਕੇ ਖੋਜ ਅਫਸਰ ਸ਼ਾਇਰ ਗੁਰਪ੍ਰੀਤ ਅਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸੁਖਦੀਪ ਸਿੰਘ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਸੰਬੋਧਨ ਕੀਤਾ। ਸਮਾਗਮ ਦੇ ਦੂਜੇ ਹਿੱਸੇ ਵਿੱਚ ਹਰਜਿੰਦਰ ਦੀ ਨਿਰਦੇਸ਼ਨਾ ਹੇਠ ਨਟਰਾਜ ਰੰਗਮੰਚ ਕੋਟਕਪੂਰਾ ਦੀ ਟੀਮ ਨੇ ਨੁੱਕੜ ਨਾਟਕ ‘ਬੰਬੀਹਾ ਬੋਲ’ ਖੇਡਿਆ ਗਿਆ। ਇਸ ਮੌਕੇ ਸੁਭਾਸ਼ ਬਿੱਟੂ, ਸੁਪਨਦੀਪ ਕੌਰ, ਮਨਜੀਤ ਚਾਹਲ, ਗੁਰਮੇਲ ਕੌਰ ਜੋਸ਼ੀ, ਹਰਦੀਪ ਸਿੱਧੂ, ਹਰਿੰਦਰ ਮਾਨਸ਼ਾਹੀਆ, ਗੁਰਪ੍ਰੀਤ ਕੌਰ ਚਹਿਲ, ਵਿਨੋਦ ਮਿੱਤਲ ਤੇ ਡਾ. ਕੁਲਦੀਪ ਸਿੰਘ ਹਾਜ਼ਰ ਸਨ।