ਬਰਨਾਲਾ (ਪਰਸ਼ੋਤਮ ਬੱਲੀ): ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ਬਰਨਾਲਾ ਸਟੇਸ਼ਨ ‘ਤੇ ਲੱਗੇ ਕਿਸਾਨ ਮੋਰਚੇ ਦੇ ਅੱਜ 27ਵੇਂ ਦਿਨ ਲੋਕ ਕਲਾ ਮੰਚ ਮੁੱਲਾਂਪੁਰ ਦੀ ਨਾਟਕ ਮੰਡਲੀ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ‘ਉੱਠਣ ਦਾ ਵੇਲਾ’ ਨਾਟਕ ਖੇਡ ਕੇ ਸੰਘਰਸ਼ਸ਼ੀਲਾਂ ‘ਚ ਨਵਾਂ ਜੋਸ਼ ਭਰਿਆ। ਇਹ ਨਾਟਕ ਮੋਦੀ ਹਕੂਮਤ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀਆਂ, ਅੰਬਾਨੀਆਂ ਸਮੇਤ ਵੱਡੇ ਵਪਾਰਕ ਘਰਾਣਿਆਂ ਨੂੰ ਸੌਂਪਣ ਦੇ ਮਨਸੂਬਿਆਂ ਨੂੰ ਸਮਝਦਿਆਂ ਸੰਘਰਸ਼ਾਂ ਦਾ ਸਾਂਝਾ ਵਿਸ਼ਾਲ ਪਿੜ ਮੱਲਣ ਦਾ ਹੋਕਾ ਦੇਣ ਵਿੱਚ ਸਫਲ ਰਿਹਾ।
ਬੁਲਾਰਿਆਂ ‘ਚ ਸ਼ਾਮਿਲ ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਕਾਦੀਆਂ ਦੇ ਜਗਸੀਰ ਸੀਰਾ, ਸਿਕੰਦਰ ਸਿੰਘ, ਬੀਕੇਯੂ ਸਿੱਧੂਪੁਰ ਦੇ ਨਛੱਤਰ ਸਿੰਘ ਸਹੌਰ, ਜਸਪਾਲ ਸਿੰਘ ਕਲਾਲਮਾਜਰਾ, ਪੰਜਾਬ ਕਿਸਾਨ ਯੂਨੀਅਨ ਦੇ ਜੱਗਾ ਸਿੰਘ ਬਦਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਸਿੰਘ ਲਾਲੀ, ਗੁਰਪ੍ਰੀਤ ਗੋਪੀ, ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ, ਸਾਧੂ ਸਿੰਘ, ਕੁਲ ਹਿੰਦ ਕਿਸਾਨ ਸਭਾ (ਸਾਂਬਰ) ਦੇ ਉਜਾਗਰ ਸਿੰਘ ਬੀਹਲਾ, ਕੁਲ ਹਿੰਦ ਕਿਸਾਨ ਸਭਾ ਦੇ ਨਿਰੰਜਣ ਸਿੰਘ ਠੀਕਰੀਵਾਲ, ਬੀਕੇਯੂ ਏਕਤਾ ਡਕੌਂਦਾ ਦੀਆਂ ਕਿਸਾਨ ਆਗੂ ਔਰਤਾਂ ਅਮਰਜੀਤ ਕੌਰ, ਪ੍ਰੇਮਪਾਲ ਕੌਰ, ਨੌਜਵਾਨ ਕਿਸਾਨ ਆਗੂ ਹਰਮੰਡਲ ਸਿੰਘ ਜੋਧਪੁਰ, ਜਗਰਾਜ ਸਿੰਘ ਹਰਦਾਸਪੁਰਾ, ਭੋਲਾ ਸਿੰਘ ਛੰਨਾਂ, ਕੁਲਵੰਤ ਸਿੰਘ ਭਦੌੜ, ਪਰਮਿੰਦਰ ਸਿੰਘ ਹੰਡਿਆਇਆ, ਕੁਲਵਿੰਦਰ ਸਿੰਘ ਉਪਲੀ ਅਤੇ ਬਾਬੂ ਸਿੰਘ ਖੁੱਡੀਕਲਾਂ ਨੇ ਕਿਹਾ ਕਿ ਮੋਦੀ ਹਕੂਮਤ ਦੀ ਹਰ ਲੋਕ ਵਿਰੋਧੀ ਸਜਿਸ਼ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।