ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ 6 ਅਕਤੂਬਰ
ਪ੍ਧਾਨ ਮੰਤਰੀ ਆਵਾਸ ਯੋਜਨਾ’ ਤਹਿਤ ਕੱਚੇ ਮਕਾਨਾਂ ਨੂੰ ਪੱਕੇ ਮਕਾਨਾਂ ਵਿੱਚ ਬਦਲਣ ਦੇ ਕੇਸ ਪਾਸ ਹੋਣ ’ਤੇ ਗਰਾਂਟਾਂ ਦੀ ਰਕਮ ਜਾਰੀ ਕਰਨ ਵਾਲੇ ਕੌਂਸਲ ਅਧਿਕਾਰੀ ‘ਤੇ ਕਥਿਤ ਤੌਰ ’ਤੇ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਜਤਿੰਦਰ ਕੁਮਾਰ ਵਾਸੀ ਪ੍ਰੇਮ ਨਗਰ ਕੋਟਕਪੂਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ, ਡਾਇਰੈਕਟਰ ਸਥਾਨਕ ਸਰਕਾਰਾਂ ਬਾਰੇ ਵਿਭਾਗ ਪੰਜਾਬ ਤੇ ਡਿਪਟੀ ਡਾਇਰੈਕਟਰ ਫਿਰੋਜ਼ਪੁਰ ਤੋਂ ਇਲਾਵਾ ਡੀਸੀ ਫ਼ਰੀਦਕੋਟ ਨੂੰ ਸ਼ਿਕਾਇਤਾਂ ਭੇਜ ਕੇ ਦੋਸ਼ ਲਾਇਆ ਕਿ ਰਿਸ਼ਵਤ ਨਾ ਦੇਣ ’ਤੇ ਅਧਿਕਾਰੀ ਵੱਲੋਂ ਉਸ ਨੂੰ ਗਰਾਂਟ ਦੀ ਰਾਸ਼ੀ ਜਾਰੀ ਨਹੀਂ ਕੀਤੀ ਜਾ ਰਹੀ। ਪੀੜਤ ਅਨੁਸਾਰ 14 ਦਸੰਬਰ 2016 ਨੂੰ ਜਾਰੀ ਪੱਤਰ ਤਹਿਤ ਸੂਚਿਤ ਕੀਤਾ ਗਿਆ ਸੀ ਕਿ ਬੀਐੱਲਸੀ ਸਕੀਮ ਤਹਿਤ ਉਸਦਾ ਕੇਸ ਪਾਸ ਕਰਕੇ 1.50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪੱਕਾ ਮਕਾਨ ਬਣਾਉਣ ਵਾਸਤੇ ਦਿੱਤੀ ਜਾਵੇਗੀ ਪ੍ਰੰਤੂ ਉਹ 2016 ਤੋਂ ਕੌਂਸਲ ਦਫਤਰ ‘ਚ ਗੇੜੇ ਮਾਰ ਰਿਹਾ ਹੈ। ਸ਼ਿਕਾਇਤ ਕਰਤਾ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਉੱਧਰ ਕੌਂਸਲ ਅਧਿਕਾਰੀ ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਕੌਂਸਲ ਪਾਰਦਰਸ਼ੀ ਤਰੀਕੇ ਨਾਲ ਰਾਸ਼ੀ ਵੰਡ ਜਾ ਰਹੀ ਹੈ। ਜੇ ਕੁਝ ਗਲਤ ਹੋਇਆ ਤਾਂ ਉਹ ਧਿਆਨ ਦੇਣਗੇ।