ਪੱਤਰ ਪ੍ਰੇਰਕ
ਮਾਨਸਾ, 4 ਜੁਲਾਈ
ਜ਼ਿਲ੍ਹਾ ਭਾਸ਼ਾ ਵਿਭਾਗ ਮਾਨਸਾ ਵੱਲੋਂ ਸ਼ਾਇਰ ਰਾਮ ਸਿੰਘ ਚਾਹਲ ਅਤੇ ਦੇਵਨੀਤ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸ਼ਾਇਰ ਅੰਮ੍ਰਿਤ ਸਮਤੋਜ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਇਰ ਬਲਜੀਤਪਾਲ ਸਿੰਘ ਅਤੇ ਕਹਾਣੀਕਾਰ ਨਿਰੰਜਣ ਬੋਹਾ ਨੇ ਸ਼ਿਰਕਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਸਭਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਵਿਭਾਗ ਦੀਆਂ ਕੀਮਤੀ ਕਿਤਾਬਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕਵੀ ਦਰਬਾਰ ਦੀ ਸ਼ੁਰੂਆਤ ਰਾਜਵਿੰਦਰ ਮੀਰ ਦੀਆਂ ਕਵਿਤਾਵਾਂ ਨਾਲ਼ ਹੋਈ। ਇਸ ਕਵੀ ਦਰਬਾਰ ਵਿੱਚ ਦਿਲਬਾਗ ਰਿਉਂਦ, ਕੁਲਦੀਪ ਦਾਤੇਵਾਸ, ਅਜ਼ੀਜ਼ ਸਰੋਏ, ਇਕਬਾਲ ਉੱਭਾ, ਜਗਤਾਰ ਲਾਡੀ, ਸੁਖਵਿੰਦਰ ਕਾਕਾ ਮਾਨ, ਬਲਵੀਰ ਅਗਰੋਈਆ ਤੋਂ ਇਲਾਵਾ ਪ੍ਰਧਾਨਗੀ ਮੰਡਲ ’ਚ ਸ਼ਾਮਲ ਸ਼ਾਇਰਾਂ ਨੇ ਆਪਣਾ ਕਲਾਮ ਸੁਣਾਇਆ। ਇਸ ਮੌਕੇ ਰਾਜ ਪੱਧਰੀ ਮੁਕਾਬਲੇ ‘ਨਵੇਂ ਦਿਸਹੱਦੇ‘ ਦਾ ਪੋਸਟਰ ਜਾਰੀ ਕੀਤਾ ਗਿਆ। ਭਾਸ਼ਾ ਵਿਭਾਗ ਦੇ ਖੋਜ ਅਫਸਰ ਕਵੀ ਗੁਰਪ੍ਰੀਤ ਨੇ ਸ਼ਾਇਰ ਰਾਮ ਸਿੰਘ ਚਾਹਲ ਅਤੇ ਦੇਵਨੀਤ ਦੀ ਕਵਿਤਾ ਜੀਵਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।