ਖੇਤਰੀ ਪ੍ਰਤੀਨਿਧ
ਬਰਨਾਲਾ, 7 ਦਸੰਬਰ
ਮਾਲਵਾ ਸਾਹਿਤ ਸਭਾ ਵੱਲੋਂ ਇੱਥੇ ਤਰਕਸ਼ੀਲ ਭਵਨ ਵਿੱਚ ਕਰਵਾਏ ਸਾਹਿਤਕ ਸਮਾਗਮ ਦੌਰਾਨ ਪੰਜਾਬੀ ਕਵੀ ਤੇ ਗੀਤਕਾਰ ਗਮਦੂਰ ਰੰਗੀਲਾ ਦੀ ਕਾਵਿ ਪੁਸਤਕ ‘ਮੈਂ ਸਰਹੱਦ ਬੋਲਦੀ ਹਾਂ’ ਰਿਲੀਜ਼ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਗਮਦੂਰ ਵਰਤਮਾਨ ਹਾਲਾਤਾਂ ਤੇ ਸਮੱਸਿਆਵਾਂ ਪ੍ਰਤੀ ਉਹ ਚੇਤੰਨ ਹੈ ਤੇ ਇਨ੍ਹਾਂ ਪ੍ਰਤੀ ਚਿੰਤਤ ਵੀ ਹੈ। ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਗਮਦੂਰ ਸਿੰਘ ਰੰਗੀਲਾ ਆਪਣੀਆਂ ਕਵਿਤਾਵਾਂ ਵਿੱਚ ਵਿਲੱਖਣ ਕਿਸਮ ਦੀ ਇਬਾਰਤ ਬਣਕੇ ਪਰਤ ਦਰ ਪਰਤ ਕਿਸੇ ਰਹੱਸ ਦੀ ਤਰਜਮਾਨੀ ਕਰਦਾ ਜਾਪਦਾ ਹੈ। ਉਸ ਦੇ ਇਸ ਅੰਦਾਜ਼ ਨੂੰ ਸਾਰਥਕ ਸੁਨੇਹੇ ਵਜੋਂ ਸਵੀਕਾਰ ਕੀਤਾ ਜਾ ਸਕਦਾ ਹੈ। ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਸ ਪੁਸਤਕ ਦੀਆਂ ਰਚਨਾਵਾਂ ਮਨੁੱਖ ਦੀ ਅੰਦਰਲੀ ਚੇਤਨਤਾ ਨੂੰ ਪ੍ਰਭਾਸ਼ਿਤ ਕਰਦੀਆਂ ਹਨ।