ਰਵਿੰਦਰ ਰਵੀ
ਬਰਨਾਲਾ, 5 ਜਨਵਰੀ
ਸ਼ਹਿਰ ਦੇ ਦੋ ਥਾਣਿਆਂ ਦੀ ਪੁਲੀਸ’ਤੇ ਸੀਆਈਏ ਵਿੰਗ ਨੇ ਸਾਰਾ ਜ਼ੋਰ ਚੀਨੀ ਡੋਰ ਵੇਚਣ ਵਾਲੇ ਦੁਕਾਨਦਾਰਾਂ ’ਤੇ ਲਾ ਦਿੱਤਾ ਹੈ। ਮੁਕਾਬਲਾ ਇਨਾਂ ਵਧ ਗਿਆ ਹੈ ਕਿ ਥਾਣਾ ਇੰਚਾਰਜ ਇੱਕ ਦੁਜੇ ਦੀ ਹੱਦ ਦੀ ਪ੍ਰਵਾਹ ਕੀਤੇ ਬਿਨਾਂ ਹੀ ਚੀਨੀ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਬੋਚ ਰਹੇ ਹਨ। ਜਦੋਂਕਿ ਜ਼ਿਲੇ ’ਚ ਹੋਈਆਂ ਲੱਖਾਂ ਰੁਪਏ ਦੀਆਂ ਚੋਰੀਆਂ ਦੀ ਪੁਲੀਸ ਕੋਈ ਉੱਘ ਸੁੱਘ ਨਹੀਂ ਕੱਢ ਸਕੀ ਹੈ। ਸ਼ਹਿਰ ਵਿੱਚ ਹੋਈਆਂ ਲੱਖਾਂ ਰੁਪਏ ਦੀਆਂ ਚੋਰੀਆਂ ਕਾਰਨ ਕਈ ਪਰਿਵਾਰਾਂ ਦੀ ਤਾਂ ਵਿੱਤੀ ਹਾਲਤ ਵੀ ਖ਼ਰਾਬ ਹੋ ਗਈ ਹੈ।
ਅੱਜ ਸਵੇਰੇ ਥਾਣਾ ਸਿਟੀ 2 ਦੇ ਇੰਚਾਰਜ ਗੁਰਮੇਲ ਸਿੰਘ ਨੇ ਆਪਣੀ ਟੀਮ ਨਾਲ ਥਾਣਾ ਸਿਟੀ 1 ਦੀ ਹੱਦ ’ਚ ਗੁਰਦੁਆਰਾ ਗਲੀ ਸਦਰ ਬਾਜ਼ਾਰ ’ਚ ਰਾਜਿੰਦਰ ਕੁਮਾਰ ਉਰਫ਼ ਮੰਗਲੀ ਦੇ ਘਰ ’ਤੇ ਕੀਤੀ ਛਾਪੇਮਾਰੀ ਦੌਰਾਨ 5 ਬੋਰੇ (300 ਗੱਟੂ) ਚੀਨੀ ਡੋਰ ਦੇ ਬਰਾਮਦ ਕਰਕੇ ਗ੍ਰਿਫ਼ਤਾਰ ਕਰ ਲਿਆ ਤੇ ਦੂਸਰੀ ਛਾਪੇਮਾਰੀ ਸੰਧੂ ਪੱਤੀ ਦੇ ਰਹਿਣ ਵਾਲੇ ਈ-ਰਿਕਸ਼ਾ ਚਾਲਕ ਬੌਬੀ ਸਿੰਘ ਦੀ ਈ ਰਿਕਸ਼ਾ ਤੋਂ ਡੋਰ ਦੇ 5 ਬੋਰੇ (300 ਗੱਟੂ) ਬਰਾਮਦ ਕਰਕੇ ਰਿਕਸ਼ਾ ਚਾਲਕ ਨੂੰ ਵੀ ਕਾਬੂ ਕਰ ਲਿਆ ਹੈ। ਥਾਣਾ ਸਿਟੀ 1 ਦੇ ਇੰਚਾਰਜ ਲਖਵਿੰਦਰ ਸਿੰਘ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਅਨਿਲ ਕੁਮਾਰ ਵਾਸੀ ਅਮਰ ਕਾਲੋਨੀ ਕੋਲੋਂ 60 ਗੱਟੂ ਅਤੇ ਹਰਜਿੰਦਰ ਸਿੰਘ ਵਾਸੀ ਜੰਡਾ ਵਾਲਾ ਰੋਡ ਤੋ 40 ਗੱਟੂ ਬਰਾਮਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੁਲੀਸ ਵਿਭਾਗ ਦੇ ਸੀਆਈਏ ਵਿੰਗ ਨੇ ਵੀ ਛਾਪੇਮਾਰੀ ਦੌਰਾਨ 4 ਦੁਕਾਨਦਾਰਾਂ ਤੋਂ 407 ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਸਨ। ਡੀਐੱਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਚਾਈਨਾ ਡੋਰ ਵੇਚਣ ਖ਼ਿਲਾਫ਼ ਚਲਾਈ ਮੁਹਿੰਮ ਤਹਿਤ 1047 ਡੋਰ ਦੇ ਗੱਟੂ ਬਰਾਮਦ ਕਰਕੇ 8 ਵਿਅਕਤੀਆਂ ’ਤੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਦੀ ਅਗਲੀ ਕਾਰਵਾਈ ਚੀਨੀ ਡੋਰ ਖਰੀਦਣ ਵਾਲਿਆਂ ’ਤੇ ਹੋਵੇਗੀ।