ਹਰਮੇਸ਼ ਪਾਲ ਨੀਲੇਵਾਲਾ
ਜ਼ੀਰਾ, 29 ਸਤੰਬਰ
ਮਖੂ ਵਿੱਚ ਕੌਮੀ ਮਾਰਗ 54 ਦੇ ਨਵੇਂ ਬਾਈਪਾਸ ਵਾਲੇ ਪੁਲ ’ਤੇ ਨਾਕੇ ਦੌਰਾਨ ਕਥਿਤ ਵਾਹਨ ਚਾਲਕਾਂ ਤੋਂ ਪੈਸੇ ਲੈਂਦੇ ਪੁਲੀਸ ਮੁਲਾਜ਼ਮਾਂ ਦੀ ਕਵਰੇਜ ਕਰ ਰਹੇ ਹਰੀਕੇ ਤੋਂ ਪੱਤਰਕਾਰ ਕਿਰਪਾਲ ਸਿੰਘ ਰੰਧਾਵਾ ਨੂੰ ਪੁਲੀਸ ਨੇ ਫੜ ਕੇ ਥਾਣੇ ਵਿੱਚ ਬੰਦ ਕਰ ਦਿੱਤਾ ਅਤੇ ਉਸ ਨਾਲ ਕਥਿਤ ਧੱਕਾ-ਮੁੱਕੀ ਤੇ ਬਦਸਲੂਕੀ ਕੀਤੀ। ਜਦੋਂ ਫਿਰੋਜ਼ਪੁਰ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਪੱਤਰਕਾਰਾਂ ਨੂੰ ਇਸ ਮਾਮਲੇ ਬਾਰੇ ਪਤਾ ਲਗਾ ਤਾਂ ਉਨ੍ਹਾਂ ਪੁਲੀਸ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉੱਚ ਅਧਿਕਾਰੀਆਂ ਨੇ ਨਾਕਾ ਇੰਚਾਰਜ ਮੁੱਖ ਸਿਪਾਹੀ ਪ੍ਰਿਤਪਾਲ ਸਿੰਘ, ਸਿਪਾਹੀ ਕਮਲ ਕੁਮਾਰ ਅਤੇ ਹੋਮਗਾਰਡ ਕਸ਼ਮੀਰ ਸਿੰਘ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਲਈ ਰਵਾਨਗੀ ਪਾ ਦਿੱਤੀ। ਪਰ ਜਦੋਂ ਰਾਤ ਵੇਲੇ ਤਰਨ ਤਾਰਨ ਜ਼ਿਲ੍ਹੇ ਦੇ ਪੱਤਰਕਾਰ ਪੀੜਤ ਕਿਰਪਾਲ ਸਿੰਘ ਰੰਧਾਵਾ ਸਮੇਤ ਵਾਪਸ ਜਾ ਰਹੇ ਸਨ ਤਾਂ ਉਕਤ ਪੁਲੀਸ ਵਾਲੇ ਉਸੇ ਨਾਕੇ ’ਤੇ ਤਾਇਨਾਤ ਸਨ, ਜਿਨ੍ਹਾਂ ਨੇ ਪੱਤਰਕਾਰ ਰੰਧਾਵਾ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਧੱਕਾ-ਮੁੱਕੀ ਕੀਤੀ ਅਤੇ ਇਸ ਦੌਰਾਨ ਇਕ ਅੰਮ੍ਰਿਤਧਾਰੀ ਕਿਸਾਨ ਆਗੂ ਦੀ ਦਸਤਾਰ ਉਤਾਰ ਦਿੱਤੀ। ਇਸ ਦੌਰਾਨ ਵੀਡੀਓ ਬਣਾ ਰਹੇ ਦੋ ਜਣਿਆਂ ਦੇ ਮੋਬਾਈਲ ਖੋਹ ਲਏ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਾਰਾ ਵਾਕਿਆ ਬਾਕੀ ਪੱਤਰਕਾਰਾਂ ਦੇ ਕੈਮਰਿਆਂ ’ਚ ਕੈਦ ਹੋ ਗਿਆ। ਜਿਸ ਬਾਬਤ ਪੱਤਰਕਾਰਾਂ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਫਿਰੋਜ਼ਪੁਰ ਨੂੰ ਵੀਡੀਓ ਭੇਜ ਕੇ ਇਨਸਾਫ ਦੀ ਮੰਗ ਕੀਤੀ ਅਤੇ ਦੇਰ ਰਾਤ ਨੈਸ਼ਨਲ ਹਾਈਵੇ ’ਤੇ ਧਰਨਾ ਲਾ ਦਿੱਤਾ। ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਸਬੰਧਤ ਪੁਲੀਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦੇਣ ਮਗਰੋਂ ਰਾਤ ਇਕ ਵਜੇ ਦੇ ਕਰੀਬ ਧਰਨਾ ਖ਼ਤਮ ਕੀਤਾ ਗਿਆ। ਉਧਰ ਜਦੋਂ ਪੱਤਰਕਾਰ ਭਾਈਚਾਰੇ ਨੂੰ ਸਵੇਰੇ 11 ਵਜੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਤਾਂ ਪੁਲੀਸ ਅਧਿਕਾਰੀਆਂ ਨੇ ਕਾਰਵਾਈ ਲਈ ਦੋ ਘੰਟੇ ਦਾ ਸਮਾਂ ਮੰਗਿਆ, ਪਰ ਸ਼ਾਮ ਪੰਜ ਵਜੇ ਤਕ ਸਬੰਧਤ ਕਰਮਚਾਰੀਆਂ ਖਿਲਾਫ਼ ਕਾਰਵਾਈ ਨਹੀਂ ਕੀਤੀ, ਜਿਸ ਦੇ ਰੋਸ ਵਜੋਂ ਤਰਨ ਤਾਰਨ, ਜ਼ੀਰਾ ਸਬ ਡਿਵੀਜ਼ਨ ਦੇ ਪੱਤਰਕਾਰ ਭਾਈਚਾਰੇ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਨੰਬਰਦਾਰ ਪਰਗਟ ਸਿੰਘ ਤਲਵੰਡੀ, ਭਗਵਾਨ ਸਿੰਘ ਗੱਟਾ, ਬਲਵਿੰਦਰ ਸਿੰਘ ਮਰਾੜ, ਗੁਰਵਿੰਦਰ ਸਿੰਘ ਮਾਨ, ਗੁਰਵੇਲ ਸਿੰਘ ਪੱਧਰੀ, ਦਵਿੰਦਰ ਸਿੰਘ, ਡਾਕਟਰ ਗੁਰਦੇਵ ਸਿੰਘ ਅਤੇ ਸਾਥੀਆਂ ਸਮੇਤ ਧਰਨੇ ’ਚ ਪਹੁੰਚੇ। ਅਖੀਰ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਸਬੰਧਤ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਕਿਸਾਨ ਆਗੂਆਂ ਤੇ ਪੱਤਰਕਾਰਾਂ ਨੇ ਧਰਨਾ ਚੱਕ ਲਿਆ।