ਜੋਗਿੰਦਰ ਸਿੰਘ ਮਾਨ
ਮਾਨਸਾ, 26 ਜੂਨ
ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਦੇ ਕਿਸਾਨ ਅਜੈਬ ਸਿੰਘ ਦੀ ਇੱਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਪੁਲੀਸ ਦੀ ਕਾਰਵਾਈ ਨੂੰ ਢਿੱਲੜ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਮਾਨਸਾ ਵੱਲੋਂ ਪੁਲੀਸ ਪ੍ਰਸ਼ਾਸਨ ਦੇ ਖਿਲਾਫ਼ ਧਰਨਾ ਲਾਇਆ ਗਿਆ। ਅਣਮਿਥੇ ਸਮੇਂ ਲਈ ਲਾਇਆ ਗਿਆ ਇਹ ਧਰਨਾ ਉਸ ਵੇਲੇ ਚੁੱਕ ਲਿਆ ਗਿਆ, ਜਦੋਂ ਥਾਣਾ ਸਦਰ ਮਾਨਸਾ ਦੀ ਪੁਲੀਸ ਦੇ ਇੱਕ ਅਧਿਕਾਰੀ ਨੇ ਧਰਨਾਕਾਰੀਆਂ ਨੂੰ ਦੁਰਘਟਨਾ ਲਈ ਜ਼ਿੰਮੇਵਾਰ ਮੰਨੇ ਜਾਂਦੇ ਡਰਾਈਵਰ ਅਤੇ ਵਾਹਨ ਦੇ ਫੜੇ ਜਾਣ ਦਾ ਭਰੋਸਾ ਦਿੱਤਾ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਸੂਬਾ ਪ੍ਰਧਾਨ ਬੋਘ ਸਿੰਘ ਨੇ ਕਿਹਾ ਕਿ ਅਜੈਬ ਸਿੰਘ ਦਾ ਐਕਸੀਡੈਂਟ 23 ਮਈ ਨੂੰ ਪਿੰਡ ਖਿਆਲਾ ਕਲਾਂ ਦੇ ਕੋਲ ਮਿੱਟੀ ਢੋਣ ਵਾਲੇ ਟਿੱਪਰ ਨਾਲ ਹੋ ਗਿਆ ਸੀ, ਜਿਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਹਸਪਤਾਲ (ਗੁਰੂ ਗੋਬਿੰਦ ਸਿੰਘ ਹਸਪਤਾਲ) ਵਿਖੇ ਇਲਾਜ ਚੱਲਦਾ ਰਿਹਾ, ਜਿਸ ਨੂੰ 15-20 ਦਿਨ ਬਾਅਦ ਹਸਪਤਾਲ ਵੱਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਅਤੇ ਇਲਾਜ ਦੌਰਾਨ ਘਰ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਥਾਣਾ ਸਦਰ ਮਾਨਸਾ ਦਾ ਪ੍ਰਸ਼ਾਸਨ ਕਸੂਰਵਾਰਾਂ ਨਾਲ ਮਿਲਿਆ ਹੋਇਆ ਹੈ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਤੋਂ ਟਾਲ-ਮਟੋਲ ਕਰਦਾ ਆ ਰਿਹਾ ਹੈ।
ਇਸ ਤੋਂ ਪਹਿਲਾਂ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਦੋਸ਼ੀ ਡਰਾਈਵਰ ਨੂੰ ਨਾਮਜ਼ਦ ਕਰਨਾ ਅਤੇ ਵਾਹਨ ਕਬਜ਼ੇ ’ਚ ਲੈ ਕੇ ਦੋਸ਼ੀ ਦੀ ਗ੍ਰਿਫ਼ਤਾਰੀ ਪਾਈ ਜਾਵੇ। ਉਨ੍ਹਾਂ ਜਦੋਂ ਮੰਚ ਤੋਂ ਐਲਾਨ ਕੀਤਾ ਕਿ ਇਹ ਧਰਨਾ ਦਿਨ-ਰਾਤ ਜਾਰੀ ਰਹੇਗਾ ਅਤੇ ਮੰਗ ਪੂਰੀ ਹੋਣ ਤੱਕ ਕਿਸਾਨ ਅਜੈਬ ਸਿੰਘ ਦੀ ਦੇਹ ਦਾ ਸਸਕਾਰ ਨਹੀਂ ਕਰਾਂਗੇ ਤਾਂ ਥਾਣਾ ਸਦਰ ਮਾਨਸਾ ਦੀ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਵੱਲੋਂ ਇੱਕ ਅਧਿਕਾਰੀ ਨੇ ਟਿੱਪਰ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਗਿਆ, ਜਿਸ ਤੋਂ ਬਾਅਦ ਧਰਨੇ ਨੂੰ ਉਠਾਇਆ ਗਿਆ। ਇਸ ਮੌਕੇ ਤੇਜ਼ ਸਿੰਘ ਚੁਕੇਰੀਆਂ, ਉਗਰ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ ਕੋਟਲੀ, ਮਹਿੰਦਰ ਸਿੰਘ, ਸੁਖਦੇਵ ਸਸਿੰਘ, ਗੁਰਦੇਵ ਸਿੰਘ, ਜਗਪਾਲ ਸਿੰਘ ਪੈਰੋਂ, ਦਰਸ਼ਨ ਸਿੰਘ ਚਹਿਲਾਂਵਾਲੀ, ਜੁਗਰਾਜ ਸਿੰਘ, ਲਾਲ ਸਿੰਘ, ਗੁਰਨਾਮ ਸਿੰਘ, ਕਰਨੈਲ ਸਿੰਘ, ਸੰਦੀਪ ਕੌਰ, ਰਾਣੀ ਕੌਰ, ਸੁਰਜੀਤ ਕੌਰ, ਮਨਜੀਤ ਕੌਰ, ਸੁਖਪਾਲ ਕੌਰ, ਲਾਭ ਕੌਰ, ਨਸੀਬ ਕੌਰ ਅਤਲਾ ਕਲਾਂ ਨੇ ਵੀ ਸੰਬੋਧਨ ਕੀਤਾ।