ਨਿੱਜੀ ਪੱਤਰ ਪ੍ਰੇਰਕ
ਮੋਗਾ, 11 ਜੁਲਾਈ
ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਨੇ ਜਗਰਾਓਂ ਦੇ ਬਾਬਾ ਲੁਟੇਰਾ ਗਰੋਹ ਦੀ ਔਰਤ ਮੈਂਬਰ ਸਣੇ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਉੱਤੇ ਇੱਕ ਬਜ਼ੁਰਗ ਔਰਤ ਕੋਲੋਂ 2 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਅਤੇ ਕੰਨਾਂ ਦੀਆਂ ਵਾਲੀਆਂ ਝਪਟਣ ਦਾ ਦੋਸ਼ ਹੈ।
ਐੱਸਪੀ ਆਈ ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਬਜ਼ੁਰਗ ਔਰਤ ਮੁਕੰਦ ਕੌਰ ਪਤਨੀ ਬਾਰਾ ਸਿੰਘ ਪਿੰਡ ਧੂੜਕੋਟ ਰਣਸੀਂਹ 9 ਜੁਲਾਈ ਨੂੰ ਨਿਹਾਲ ਸਿੰਘ ਵਾਲਾ ਦੇ ਬੈਂਕ ਵਿੱਚੋਂ 2 ਹਜ਼ਾਰ ਰੁਪਏ ਕਢਵਾ ਕੇ ਪੈਦਲ ਆਪਣੇ ਘਰ ਜਾ ਰਹੀ ਸੀ ਕਿ ਇਸ ਦੌਰਾਨ ਇੱਕ ਮੋਟਰਸਾਈਕਲ ਤੇ ਇੱਕ ਸਕੂਟਰੀ ਸਵਾਰ ਔਰਤ ਸਣੇ ਚਾਰ ਜਣਿਆਂ ਨੇ ਬਜ਼ੁਰਗ ਔਰਤ ਨੂੰ ਰਸਤੇ ਵਿੱਚ ਰੋਕ ਕੇ ਗੱਲਾਂ ’ਚ ਲਗਾ ਲਿਆ ਤੇ ਉਸ ਕੋਲੋਂ 2 ਹਜ਼ਾਰ ਰੁਪਏ ਦੀ ਨਗਦੀ ਅਤੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ।
ਜਾਂਚ ਅਧਿਕਾਰੀ ਏਐੱਸਆਈ ਸ਼ੇਰ ਬਹਾਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਬਾਬਾ ਗਰੋਹ ਨਾਲ ਨਾਲ ਜਾਣੇ ਜਾਂਦੇ ਗਰੋਹ ਦੀ ਔਰਤ ਸਣੇ ਚਾਰਾਂ ਮੁਲਜ਼ਮਾਂ ਬਿੱਲਾ ਸਿੰਘ, ਸਤਨਾਮ ਸਿੰਘ, ਬਲਵੀਰ ਸਿੰਘ ਉਰਫ਼ ਬੀਰਾ ਤੇ ਉਸਦੀ ਪਤਨੀ ਬਿੰਦੂ ਉਰਫ਼ ਮਧੂ ਵਾਸੀ ਮੁਹੱਲਾ ਰਾਮਪੁਰਾ ਨੇੜੇ ਰੇਲਵੇ ਲਾਈਨ ਜਗਰਾਓਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।