ਪੱਤਰ ਪ੍ਰੇਰਕ
ਮਾਨਸਾ, 2 ਨਵੰਬਰ
ਦੀਵਾਲੀ ਦੇ ਤਿਉਹਾਰ ਦੌਰਾਨ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਹੋਏ ਵਾਧਾ ਤੋਂ ਬਾਅਦ ਹੁਣ ਪੰਜਾਬ ਪੁਲੀਸ ਦੇ ਉਚ ਅਧਿਕਾਰੀ ਖੇਤਾਂ ਵਿੱਚ ਜਾ ਕੇ ਅੱਗਾਂ ਬੁਝਾਉਣ ਲਈ ਤਾਇਨਾਤ ਹੋਣ ਲੱਗੇ ਹਨ। ਪੁਲੀਸ ਨੇ ਥਾਣਿਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਰਾਲੀ ਦੀ ਰਾਖੀ ਕਰਨ ਲਈ ਸਬੰਧਤ ਪਿੰਡਾਂ ਵਿੱਚ ਲਗਾਤਾਰ ਗਸ਼ਤ ਕਰਨ ਦੇ ਨਾਲ-ਨਾਲ ਸ਼ੱਕੀ ਇਲਾਕਿਆਂ ਵਿੱਚ ਪਹਿਰੇਦਾਰੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੀਆਂ ਤਿੰਨੋ ਸਬ-ਡਵੀਜ਼ਨ ਦੇ ਡੀਐਸਪੀਜ਼ ਸਮੇਤ ਐਸਪੀਜ਼ ਅਤੇ ਥਾਣਿਆਂ ਦੇ ਮੁਖੀਆਂ ਨੂੰ ਪ੍ਰਦੂਸ਼ਣ ਰੋਕਣ ਲਈ ਆਪੋ-ਆਪਣੇ ਇਲਾਕਿਆਂ ਵਿੱਚ ਚੱਤੋ-ਪਹਿਰ ਨਿਗਰਾਨੀ ਰੱਖਣ ਲਈ ਹੁਕਮ ਕੀਤੇ ਹੋਏ ਹਨ।