ਨਿੱਜੀ ਪੱਤਰ ਪ੍ਰੇਰਕ
ਮੋਗਾ, 17 ਸਤੰਬਰ
ਇਥੇ ਪੁਲੀਸ ਲਾਈਨ ਵਿੱਚ ਐੱਸਐੱਸਪੀ ਧਰੂਮੈਨ ਐੱਚ ਨਿੰਬਾਲੇ ਦੀ ਪਤਨੀ ਸ਼ਵੇਤਾ ਨਿੰਬਾਲੇ ਪੁਲੀਸ ’ਚ ਭਰਤੀ ਹੋਣ ਦੇ ਚਾਹਵਾਨ ਮੁੰਡੇ ਕੁੜੀਆਂ ਨੂੰ ਰੋਜ਼ਾਨਾ ਕਰੀਬ 2 ਘੰਟੇ ਜਮਾਤ ਲਗਾ ਕੇ ਲਿਖਤੀ ਪ੍ਰੀਖਿਆ ਦੇ ਗੁਰ ਦੱਸ ਰਹੀ ਹੈ। ਸੂਬੇ ’ਚ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀ ਨਾ ਮਿਲਣਾ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਜਿਸ ਕਾਰਨ ਨੌਜਵਾਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤੇ ਇਸ ਦੌਰਾਨ ਹੀ ਭਰਤੀਆਂ ਖੁੱਲ੍ਹਣ ਦਾ ਦੌਰ ਵੀ ਸ਼ੁਰੂ ਹੋ ਗਿਆ ਹੈੇ। ਇਥੇ ਸ਼ਵੇਤਾ ਨਿੰਬਾਲੇ ਨੇ ਕਿਹਾ ਕਿ ਪੁਲੀਸ ਫੋਰਸ ਵਿੱਚ ਭਰਤੀ ਹੋਣ ਵਾਲੇ ਮੁੰਡੇ ਕੁੜੀਆਂ ਨੂੰ ਲਿਖਤੀ ਪ੍ਰੀਖਿਆ ਦੇ ਗੁਰ ਦੇਣ ਲਈ ਉਹ ਰੋਜ਼ਾਨਾ ਜਮਾਤ ਲਗਾ ਕੇ ਖੁਸ਼ੀ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰੀਰਕ ਫਿੱਟਨੈੱਸ ਲਈ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ-ਲੜਕੀਆਂ ਸਿਖਲਾਈ ਲਈ ਪਹੁੰਚ ਰਹੇ ਹਨ ਤਾਂ ਕਿ ਨੌਕਰੀ ਹਾਸਲ ਕੀਤੀ ਜਾ ਸਕੇ। ਐੱਸਐੱਸਪੀ ਨਿੰਬਾਲੇ ਨੇ ਕਿਹਾ ਕਿ ਇਹ ਸਿਖਲਾਈ ਕੈਂਪ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਭਰਤੀ ਲਈ ਵੱਧ ਤੋਂ ਵੱਧ ਉਤਸ਼ਾਹਤ ਕਰਨ ਲਈ ਲਗਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੜਾਅ ਤਹਿਤ ਭਰਤੀ ਦੇ ਵਿੱਚ ਹੋਣ ਵਾਲੇ ਫਿਜ਼ੀਕਲ ਟੈਸਟ ਸਬੰਧੀ ਵੀ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਤਾਂ ਜੋ ਉਹ ਫੋਰਸ ਵਿੱਚ ਭਰਤੀ ਹੋਣ ਲਈ ਆਸਾਨੀ ਨਾਲ ਇਹ ਟੈਸਟ ਪਾਸ ਕਰ ਸਕਣ।