ਰਵਿੰਦਰ ਰਵੀ
ਬਰਨਾਲਾ, 7 ਜੁਲਾਈ
ਬਰਨਾਲਾ ਪੁਲੀਸ ’ਤੇ ਨਸ਼ੇ ਕਾਰਨ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਪਏ ਦਬਾਅ ਕਾਰਨ ਪੁਲੀਸ ਨੇ ਨਸ਼ਾ ਵੇਚਣ ਦੇ ਆਦੀ ਤਿੰਨ ਵਿਅਕਤੀਆਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਜਦਕਿ ਪੁਲੀਸ ਚਾਰ ਮੁਲਜ਼ਮਾਂ ਨੂੰ ਪਹਿਲਾਂ ਗ੍ਰਿਫ਼ਤਾਰ ਕਰ ਚੁੱਕੀ ਹੈ। ਨਸ਼ੇ ਕਾਰਨ ਨੌਜਵਾਨ ਦੀ ਹੋਈ ਮੌਤ ‘ਚ ਪੁਲੀਸ ਨੇ ਪਹਿਲੀ ਵਾਰ 7 ਮੁਲਜ਼ਮ ਦਬੋਚੇ ਹਨ।
ਪਿਛਲੇ ਦਿਨੀਂ ਮਹਿਲ ਕਲਾਂ ਵਿੱਚ 28 ਤੇ 29 ਜੂਨ ਦੀ ਦਰਮਿਆਨੀ ਰਾਤ ਨੂੰ ਨੌਜਵਾਨ ਗਗਨਦੀਪ ਸਿੰਘ ਉਰਫ਼ ਗੱਗੂ ਦੀ ਨਸ਼ੇ ਕਾਰਨ ਹੋਈ ਮੌਤ ਤੋਂ ਬਾਅਦ ਉਸ ਦੇ ਪਿਤਾ ਵੱਲੋਂ ਨਸ਼ੇ ਦੇ ਸੌਦਾਗਰਾਂ ਤੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਲਾਏ ਪ੍ਰਸ਼ਨ ਚਿੰਨ੍ਹ ਤੋਂ ਬਾਅਦ ਬਰਨਾਲਾ ਪੁਲੀਸ ਦੀ ਹੋਈ ਕਿਰਕਰੀ ਮਗਰੋਂ ਪੁਲੀਸ ਨੇ 30 ਜੂਨ ਨੂੰ ਅਣਪਛਾਤੇ ਸੱਤ ਵਿਅਕਤੀਆਂ ’ਤੇ ਕੇਸ ਦਰਜ ਕਰ ਲਿਆ ਸੀ।
ਸੋਸ਼ਲ ਮੀਡੀਆ ਤੇ ਮ੍ਰਿਤਕ ਦੇ ਰੋਂਦੇ-ਕੁਰਲਾਉਂਦੇ ਪਿਤਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਤੇ ਉੱਚ ਅਧਿਕਾਰੀਆਂ ਦੇ ਵਧਦੇ ਦਬਾਅ ਕਾਰਨ ਮਹਿਲ ਕਲਾਂ ਪੁਲੀਸ ਨੇ ਸੱਤ ਅਣਪਛਾਤੇ ਵਿਅਕਤੀਆਂ ‘ਚੋਂ 4 ਨੂੰ ਬੀਤੀ 4 ਜੁਲਾਈ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਤਿੰਨ ਵਿਅਕਤੀਆਂ ਨੂੰ ਅੱਜ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ।
ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਨੇ ਅੱਜ ਮੀਡੀਆ ਕਾਨਫਰੰਸ ਦੌਰਾਨ ਦੱਸਿਆ ਕਿ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ। ਉਨ੍ਹਾਂ ਦੱਸਿਆ ਕਿ 4 ਜੁਲਾਈ ਨੂੰ ਕੇਸ ‘ਚ ਫੜੇ ਗਏ ਮੁਲਜ਼ਮਾਂ ‘ਚ ਹਰਦੀਪ ਸਿੰਘ ਉਰਫ਼ ਦੀਪਾ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਕੇਵਲ ਕ੍ਰਿਸ਼ਨ ਅਤੇ ਅੱਜ ਫੜੇ ਗਏ ਮੁਲਜ਼ਮਾਂ ‘ਚ ਜਤਿੰਦਰ ਕੁਮਾਰ ਉਰਫ਼ ਬਬਲੀ, ਰੁਪਿੰਦਰ ਕੁਮਾਰ ਉਰਫ਼ ਸੋਨੀ ਅਤੇ ਅਰਸ਼ਦੀਪ ਸਿੰਘ ਉਰਫ਼ ਅਰਸ਼ੀ ਸਾਰੇ ਵਾਸੀ ਮਹਿਲਕਲਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹਰਦੀਪ ਸਿੰਘ ਗੈਂਗਸਟਰ ਹੈ ਤੇ ਇਸ ਖ਼ਿਲਾਫ਼ 22 ਕੇਸ ਦਰਜ ਹਨ ਜਦਕਿ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ੀ ’ਤੇ ਵੀ ਅਸਲਾ ਐਕਟ ਤਹਿਤ ਕੇਸ ਦਰਜ ਹਨ। ਉਨ੍ਹਾਂ ਕਿਹਾ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਪੁਲੀਸ ਰਿਮਾਂਡ ਲਿਆ ਜਾਵੇਗਾ।