ਪੱਤਰ ਪ੍ਰੇਰਕ
ਟੱਲੇਵਾਲ, 11 ਜਨਵਰੀ
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸੂਬੇ ਭਰ ਵਿੱਚ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ। ਇਸ ਤਹਿਤ ਸੂਬੇ ਵਿੱਚ ਹਰ ਸਰਕਾਰੀ ਪ੍ਰਾਪਰਟੀ ‘ਤੇ ਲੱਗੇ ਸਿਆਸੀ ਇਸ਼ਤਿਹਾਰ ਅਤੇ ਪੰਜਾਬ ਸਰਕਾਰ ਦੇ ਇਸ਼ਤਿਹਾਰ ਉਤਾਰਨ ਦੇ ਹੁਕਮ ਕੀਤੇ ਗਏ ਹਨ। ਸ਼ਹਿਰਾਂ ਵਿੱਚ ਭਾਵੇਂ ਨਗਰ ਕੌਂਸਲਾਂ ਵਲੋਂ ਇਹ ਸਿਆਸੀ ਇਸ਼ਤਿਹਾਰ ਤੇ ਬੈਨਰ ਤੁਰੰਤ ਉਤਰਵਾ ਦਿੱਤੇ ਗਏ ਹਨ, ਪਰ ਪਿੰਡਾਂ ਵਿੱਚ ਬਿਜਲੀ ਖੰਭਿਆਂ ਉਪਰ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਬੈਨਰ ਲੱਗੇ ਦਿਖਾਈ ਦੇ ਰਹੇ ਹਨ। ਜਿਨ੍ਹਾਂ ਨੂੰ ਉਤਾਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਦੇ ਨਾਲ ਹੀ ਚੰਨੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਲਗਾਏ ਗਏ ਬੈਨਰ ਵੀ ਜਿਉਂ ਦੀ ਤਿਉਂ ਲੱਗੇ ਹੋਏ ਹਨ। ਪਿੰਡਾਂ ਵਿੱਚ ਇਨ੍ਹਾਂ ਇਸ਼ਤਿਹਾਰਾਂ ਨੂੰ ਉਤਾਰਨ ਦੀ ਭਾਵੇਂ ਪੰਚਾਇਤ ਸੈਕਟਰੀਆਂ ਦੀ ਜ਼ਿੰਮੇਵਾਰੀ ਹੈ, ਪਰ ਅਜੇ ਤੱਕ ਇਸ ਲਈ ਯਤਨ ਹੋਏ ਦਿਖਾਈ ਨਹੀਂ ਦੇ ਰਹੇ।