ਪੱਤਰ ਪ੍ਰੇਰਕ
ਭਦੌੜ, 22 ਸਤੰਬਰ
ਕਾਂਗਰਸ ਪਾਰਟੀ ਵੱਲੋਂ ਭਦੌੜ ਵਿਚ ਖੇਤੀ ਬਿੱਲਾਂ ਦੇ ਵਿਰੋਧ ਵਿਚ ਧਰਨਾ ਦਿੱਤਾ ਗਿਆ। ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਅਜੇ ਕੁਮਾਰ, ਦਲਜੀਤ ਸਿੰਘ ਲੀਤਾ, ਇੰਦਰਜੀਤ ਸਿੰਘ ਭਿੰਦਾ ਨੇ ਕਿਹਾ ਕਿ ਕੇਂਦਰ ਸਰਕਾਰ ਪਾਸ ਕੀਤੇ ਖੇਤੀਬਾੜੀ ਬਿੱਲਾਂ ਨਾਲ ਸੂਬੇ ਦੇ ਹਰ ਵਰਗ ਇਸ ਬਹੁਤ ਮਾੜਾ ਅਸਰ ਪਵੇਗਾ ਅਤੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰ ਬਰਬਾਦ ਹੋ ਜਾਣਗੇ। ਇਸ ਕਰ ਕੇ 25 ਸਤੰਬਰ ਪੰਜਾਬ ਵਿਚ ਪਾਰਟੀ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਸਮਾਲਸਰ (ਪੱਤਰ ਪ੍ਰੇਰਕ): ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿੱਚ ਕਸਬਾ ਨੱਥੂਵਾਲਾ ਗਰਬੀ ਦੇ ਇਲਾਕੇ ਦੇ ਪਿੰਡਾਂ ਧਰਨੇ ਦਿੱਤੇ ਗਏ। ਇਸ ਮੌਕੇ ਵਿਧਾਇਕ ਸ੍ਰੀ ਬਰਾੜ ਨੇ ਕਿਹਾ ਕਿ ਅਕਾਲੀ ਭਾਜਪਾ ਦੇ ਨਹੁੰ ਮਾਸ ਦੇ ਰਿਸ਼ਤੇ ਨੇ ਕਿਸਾਨਾਂ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਹਰਸਿਮਰਤ ਦੇ ਅਸਤੀਫ਼ੇ ਨੂੰ ਦਿਖਾਵਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਕੈਬਨਿਟ ਮੀਟਿੰਗ ਵਿੱਚ ਬੀਬੀ ਬਾਦਲ ਨੇ ਇਨ੍ਹਾਂ ਬਿੱਲਾਂ ਨੂੰ ਮਨਜ਼ੂਰ ਕਰਨ ਵਾਸਤੇ ਦਸਤਖ਼ਤ ਕੀਤੇ ਤੇ ਹੁਣ ਅਸਤੀਫ਼ਾ ਦੇ ਕੇ ਦਿਖਾਵਾ ਕੀਤਾ ਜਾ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨ ਪੱਖੀ ਕਰਾਰ ਦਿੰਦੇ ਰਹੇ ਤੇ ਹੁਣ ਆਪਣੇ ਸਟੈਂਡ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾਂ ਹੀ ਪੰਜਾਬ ਦੇ ਹਿੱਤਾ ਨੂੰ ਕੇਂਦਰ ਸਰਕਾਰ ਕੋਲ ਵੇਚ ਕੇ ਆਪਣਾ ਫ਼ਾਇਦਾ ਲਿਆ ਹੈ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਕਿਸਾਨਾਂ ਦੀ ਹਮਾਇਤ ਵਿੱਚ ਸਿਆਸੀ ਆਗੂ ਪਹੁੰਚਣ ਲੱਗੇ ਹਨ। ਕਿਸਾਨ ਆਪਣੀਆਂ ਫ਼ਸਲਾਂ ਛੱਡ ਕੇ ਧਰਨਿਆਂ ’ਤੇ ਡੇਰੇ ਲਾ ਲਏ ਹਨ। ਮਿਨੀ ਸਕੱਤਰੇਤ ਵਿੱਚ ਪਿਛਲੇ 16 ਦਿਨਾਂ ਤੋਂ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਜਿੱਥੇ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਤੇ ਸਾਬਕਾ ਐਮਪੀ ਅਸ਼ੋਕ ਤੰਵਰ ਨੇ ਸੰਬੋਧਨ ਕੀਤਾ, ਉੱਥੇ ਹੀ ਕਾਂਗਰਸ ਦੀ ਮੌਜੂਦਾ ਸੂਬਾਈ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਧਰਨੇ ’ਤੇ ਪਹੁੰਚ ਕੇ ਕਿਸਾਨਾਂ ਨੂੰ ਸੰਬੋਧਨ ਕੀਤਾ। ਦੋਵਾਂ ਹੀ ਆਗੂਆਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ ਤੇ ਖੇਤੀ ਸਬੰਧੀ ਬਿੱਲਾਂ ਦੀ ਆਲੋਚਨਾ ਕਰਦਿਆਂ ਇਨ੍ਹਾਂ ਦੇ ਕਾਨੂੰਨੀ ਬਣਨ ’ਤੇ ਕਿਸਾਨਾਂ ਦੇ ਬਰਬਾਦ ਹੋਣ ਤੇ ਪੂੰਜੀਪਤੀਆਂ ਤੇ ਵੱਡੇ ਘਰਾਣਿਆਂ ਨੂੰ ਫਾਇਦਾ ਹੋਣ ਦੀ ਗੱਲ ਕਹੀ।
ਕਾਂਗਰਸ ਦੀ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਅੱਜ ਸਿਰਸਾ ਦੇ ਕਾਂਗਰਸ ਭਵਨ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਖੇਤੀ ਆਰਡੀਨੈਂਸ ਕਿਸਾਨ ਮਾਰੂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਅਨਾਜ ਮੰਡੀ ਵਿੱਚ ਆੜ੍ਹਤੀਆਂ ਅਤੇ ਮਿਨ ਸਕੱਤਰੇਤ ਵਿੱਚ ਕਿਸਾਨਾਂ ਨੂੰ ਸਮਰਥਨ ਵੀ ਦਿੱਤਾ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਝੂਠ ਦੀ ਪਾਰਟੀ ਹੈ ਅਤੇ ਇਸ ਨੇ ਕਿਸਾਨਾਂ ਦੇ ਵਿਸ਼ਵਾਸ਼ ਦੀ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆੜ੍ਹਤੀਆਂ, ਵਪਾਰੀਆਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਦੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਕਿਸਾਨ ਮਿਲਕੇ ਜੋ ਫ਼ੈਸਲਾ ਲੈਣਗੇ, ਕਾਂਗਰਸ ਸਹਿਯੋਗ ਦੇਵੇਗੀ।