ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਜੁਲਾਈ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਮੱਦੇਨਜ਼ਰ ਸਿਆਸੀ ਧਿਰਾਂ ਵੱਲੋਂ ਬਿਆਨਬਾਜ਼ੀ ਤੇ ਇਲਜ਼ਾਮ ਦਾ ਦੌਰ ਸਿਖਰਾਂ ’ਤੇ ਹੈ। ਅਧਿਆਪਕ ਦੀ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ ਅਤੇ ਧਰਮਕੋਟ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਾਬਕਾ ਈਟੀਟੀ ਯੂਨੀਅਨ ਦੇ ਸੁੂਬਾਈ ਪ੍ਰਧਾਨ ਅਤੇ ਧਰਮਕੋਟ ਤੋਂ ਟਕਸਾਲੀ ‘ਆਪ’ ਆਗੂ ਸੰਜੀਵ ਕੋਛੜ ਦਰਮਿਆਨ ਕਰੀਬ ਸਾਢੇ 4 ਸਾਲ ਪਹਿਲਾਂ ਇਸ ਹਲਕੇ ਦੀ ਵਿਧਾਨ ਸਭਾ ਸੀਟ ਉੱਤੇ ਟਿਕਟ ਲਈ ਪੈਸਿਆਂ ਦੇ ਲੈਣ-ਦੇਣ ਦੀ ਵਾਇਰਲ ਹੋਈ ਆਡੀਓ ਤੋਂ ਦੂਸ਼ਣਬਾਜ਼ੀ ਤੇ ਸਿਆਸੀ ਘਮਸਾਨ ਸ਼ੁਰੂ ਹੋ ਗਿਆ ਹੈ। ਧਰਮਕੋਟ ਵਿਖੇ ‘ਆਪ’ ਆਗੂਆਂ ਜ਼ਿਲ੍ਹਾ ਪ੍ਰਧਾਨ ਹਰਮਨਪ੍ਰੀਤ ਸਿੰਘ, ਸੰਜੀਵ ਕੋਛੜ, ਜਸਵਿੰਦਰ ਸਿੰਘ ਸਿੱਧੂ, ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਅਕਾਲੀ ਆਗੂ 2016 ਦੀ ਆਡੀਓ ਨੂੰ ਉਛਾਲ ਰਹੇ ਹਨ। ਪਾਰਟੀ ਦੀ ਚੜ੍ਹਤ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਹਜ਼ਮ ਨਹੀਂ ਹੋ ਰਹੀ। ਉਨ੍ਹਾਂ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਰਟੀ ਦਾ ਅਗਾਮੀ ਚੋਣਾਂ ’ਚ ਟਿਕਟ ਦਾ ਫ਼ੈਸਲਾ ਸਾਰੇ ਖਿੜੇ ਮੱਥੇ ਪ੍ਰਵਾਨ ਕਰਨਗੇ। ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਅਤੇ ਅਕਾਲੀ ਦਲ ਹਾਸ਼ੀਏ ਉੱਤੇ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਪਹਿਲਾਂ ਹੀ ਬੇਅਦਬੀ ਘਟਨਾਵਾਂ ਕਾਰਨ ਪੰਥਕ ਸਫਾਂ ਵਿੱਚ ਆਪਣਾ ਅਧਾਰ ਗਵਾ ਚੁੱਕਾ ਹੈ। ਦੂਜੇ ਪਾਸੇ ਇਸ ਮੁੱਦੇ ਉੱਤੇ ਧਰਮਕੋਟ ‘ਯੂਥ ਅਕਾਲੀ ਦਲ ਸ਼ਹਿਰੀ ਪ੍ਰਧਾਨ ਹਰਪ੍ਰਰੀਤ ਸਿੰਘ ਰਿੱਕੀ, ਮਨਫੂਲ ਲਾਡੀ ਮਸਤੇਵਾਲਾ, ਸ਼ਹਿਰੀ ਪ੍ਰਧਾਨ ਅਮਨ ਗਾਬਾ, ਸਰਕਲ ਪ੍ਰਧਾਨ ਨਿਸ਼ਾਨ ਮੂਸੇਵਾਲਾ, ਪਰਮਪਾਲ ਸਿੰਘ ਚੁੱਘਾ, ਹੈਪੀ ਤਤਾਰੀਏਵਾਲਾ ਤੇ ਦਿਲਭਾਗ ਹੈਪੀ ਭੁੱਲਰ, ਸ਼ਹਿਰੀ ਪ੍ਰਧਾਨ ਦਿਲਭਾਗ ਢੋਲਣੀਆ ਆਦਿ ਨੇ ਪ੍ਰੈਸ ਕਾਨਫਰੰਸ ’ਚ ’ਆਪ’ ਆਗੂ ਜਸਵਿੰਦਰ ਸਿੱਧੂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੌਕਰੀ ਦੌਰਾਨ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਫਰਜ਼ਾਂ ਦੀ ਬਜਾਏ ਆਪਣੇ ਨਿੱਜੀ ਸਵਾਰਥ ਤੇ ਲਾਲਚ ਲਈ ਹਮੇਸ਼ਾਂ ਲੋਕਾਂ ਨੂੰ ਮੂਰਖ ਬਣਾਇਆ।