ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 10 ਜੁਲਾਈ
ਨਗਰ ਪੰਚਾਇਤ ਦੇ ਆਪਣੇ ਦਫ਼ਤਰ ਨਜ਼ਦੀਕ ਸਥਿਤ ਜਨਤਕ ਪਖਾਨੇ ਅਤੇ ਬਾਥਰੂਮ ਅੱਜ ਕੱਲ੍ਹ ਮੰਦਹਾਲੀ ਦਾ ਸ਼ਿਕਾਰ ਹਨ। ਇਨ੍ਹਾਂ ਜਨਤਕ ਪਖਾਨਿਆਂ ਨੂੰ ਮਹਿਜ਼ ਇਕ ਸਾਲ ਪਹਿਲਾਂ ਹੀ ਬਣਾਇਆ ਗਿਆ ਸੀ। ਕਸਬੇ ਅੰਦਰ ਨਗਰ ਪੰਚਾਇਤ ਦੇ ਇਹ ਇਕਲੌਤੇ ਹੀ ਜਨਤਕ ਪਖਾਨੇ ਹਨ ਜਿਨ੍ਹਾਂ ਦੀ ਆਮ ਲੋਕ ਵਰਤੋਂ ਕਰਦੇ ਹਨ। ਉਕਤ ਜਨਤਕ ਪਖਾਨੇ ਆਪਣੇ ਬਣਨ ਸਮੇਂ ਹੀ ਵਿਵਾਦਾਂ ਵਿੱਚ ਘਿਰ ਗਏ ਸਨ, ਜਦੋਂ ਉਸ ਵਿੱਚ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਟੂਟੀਆਂ ਆਦਿ ਲਗਾ ਦਿੱਤੇ ਗਏ ਸਨ ਜੋ ਕੁਝ ਸਮੇਂ ਬਾਅਦ ਹੀ ਨਕਾਰਾ ਹੋ ਗਏ ਸਨ। ਉਕਤ ਪਖਾਨਿਆਂ ਲਈ ਪਾਣੀ ਦੀ ਵੀ ਕੋਈ ਸਹੀ ਵਿਵਸਥਾ ਨਹੀਂ ਕੀਤੀ ਗਈ ਹੈ। ਲੋਕਾਂ ਨੇ ਨਗਰ ਪੰਚਾਇਤ ਤੋਂ ਮੰਗ ਕੀਤੀ ਹੈ ਕਿ ਪਖ਼ਾਨਿਆਂ ਦੀ ਸਾਂਭ ਸੰਭਾਲ ਅਤੇ ਸਫਾਈ ਵਿਵਸਥਾ ਵਿਚ ਜਲਦ ਤੋਂ ਜਲਦ ਸੁਧਾਰ ਕੀਤਾ ਜਾਵੇ। ਉਧਰ ਨਗਰ ਪੰਚਾਇਤ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਉਕਤ ਪਖਾਨਿਆਂ ਦੀ ਸਾਂਭ ਸੰਭਾਲ ਅਤੇ ਸਫਾਈ ਵਿਵਸਥਾ ਲਈ ਸਫਾਈ ਸੇਵਕਾਂ ਦੀ ਬਕਾਇਦਾ ਡਿਊਟੀ ਨਿਸ਼ਚਤ ਹੈ। ਜੇਕਰ ਡਿਊਟੀ ਵਿੱਚ ਕੁਤਾਹੀ ਹੋ ਰਹੀ ਹੈ ਤਾਂ ਉਹ ਇਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।