ਸ਼ਗਨ ਕਟਾਰੀਆ
ਬਠਿੰਡਾ, 30 ਅਕਤੂਬਰ
ਕਿਸਾਨੀ ਘੋਲ ਦਾ ਅੱਜ 30ਵਾਂ ਦਿਨ ਸੀ। ਅੰਨਦਾਤੇ ਸੰਘਰਸ਼ੀ ਮੋਰਚਿਆਂ ’ਤੇ ਥਾਂ-ਥਾਂ ਡਟੇ ਹੋਏ ਹਨ। ਧਰਨਿਆਂ ਵਿੱਚ ਵਾਰ-ਵਾਰ ਅਹਿਦ ਦੁਹਰਾਏ ਜਾ ਰਹੇ ਹਨ ਕਿ ਇਹ ਲੜਾਈ ਆਰ-ਪਾਰ ਦੀ ਰਹੇਗੀ। ਝੋਨੇ ਦੀ ਕਟਾਈ ਦਾ ਕੰਮ ਜੋਬਨ ’ਤੇ ਹੋਣ ਦੇ ਬਾਵਜੂਦ ਸੰਗਰਾਮੀ ਅਖਾੜਿਆਂ ’ਚ ਲੋਕ-ਹੜ੍ਹ ਹਨ। ਬਠਿੰਡਾ, ਜੈਤੋ, ਰੋਮਾਣਾ ਅਲਬੇਲ ਸਿੰਘ ਆਦਿ ਥਾਵਾਂ ’ਤੇ ਰੇਲ ਪਟੜੀਆਂ ਨੇੜੇ ਕਿਸਾਨਾਂ ਨੇ ਤੰਬੂ ਗੱਡੇ ਹੋਏ ਹਨ। ਕਾਰਪੋਰੇਟਰਾਂ ਦੇ ਵਪਾਰਕ ਟਿਕਾਣਿਆਂ ਅੱਗੇ ਧਰਨਿਆਂ ’ਚ ‘ਜ਼ਿੰਦਾਬਾਦ-ਮੁਰਦਾਬਾਦ’ ਦੇ ਨਾਅਰੇ ਗੂੰਜ ਰਹੇ ਹਨ।
ਭਾਕਿਯੂ (ਉਗਰਾਹਾਂ) ਦੇ ਆਗੂ ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ, ਹਰਜਿੰਦਰ ਬੱਗੀ, ਰਾਜਵਿੰਦਰ ਰਾਜੂ , ਦਰਸ਼ਨ ਮਾਈਸਰਖਾਨਾ, ਬਸੰਤ ਕੋਠਾ ਗੁਰੂ ਅਤੇ ਜਗਦੇਵ ਜੋਗੇਵਾਲਾ ਨੇ ਕਿਹਾ ਕਿ ਚੱਲ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਭਾਜਪਾ ਆਗੂਆਂ ਵੱਲੋਂ ਗਲਤ ਪ੍ਰਚਾਰਿਆ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਰੇਲ ਗੱਡੀਆਂ ਤੇ ਦਿਹਾਤੀ ਵਿਕਾਸ ਫੰਡ ਬੰਦ ਕਰਨ, ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਭਾਰੀ ਜੁਰਮਾਨੇ ਅਤੇ ਸਜ਼ਾਵਾਂ ਦੇ ਦਿੱਤੇ ਜਾ ਡਰਾਵੇ ਲੋਕਾਂ ਦੇ ਰੋਹ ਲਈ ਬਲਦੀ ’ਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਵਾਈਆਂ ਦਾ ਲੋਕ ਸੰਘਰਸ਼ ਰਾਹੀਂ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਭਾਕਿਯੂ (ਸਿੱਧੂਪੁਰ) ਦੇ ਆਗੂ ਰਣਜੀਤ ਸਿੰਘ ਜੀਦਾ, ਕਿਰਤੀ ਕਿਸਾਨ ਯੂਨੀਅਨ ਦੇ ਅਮਰਜੀਤ ਹਨੀ, ਜਮਹੂਰੀ ਕਿਸਾਨ ਸਭਾ ਦੇ ਨੈਬ ਸਿੰਘ ਫੂਸ ਮੰਡੀ, ਕੁੱਲ ਹਿੰਦ ਕਿਸਾਨ ਸਭਾ ਦੇ ਬਲਕਰਨ ਸਿੰਘ ਬਰਾੜ, ਬੀਕੇਯੂ (ਮਾਨਸਾ) ਦੇ ਜਗਸੀਰ ਸਿੰਘ ਜੀਦਾ ਅਤੇ ਬੀਕੇਯੂ (ਡਕੌਂਦਾ) ਦੇ ਆਗੂ ਬਿੰਦਰ ਸਿੰਘ ਫਰੀਦਕੋਟ ਕੋਟਲੀ ਨੇ ਦੱਸਿਆ ਕਿ ਉਨ੍ਹਾਂ ਦੇ ਸੰਗਠਨਾਂ ਵੱਲੋਂ 31 ਅਕਤੂਬਰ ਨੂੰ ਸਾਂਝਾ ਐਕਸ਼ਨ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਅਤੇ ਘਰ ਅੱਗੇ ਪਰਾਲੀ ਸੁੱਟੀ ਜਾਵੇਗੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਕੇਂਦਰ ਸਰਕਾਰ ਵੱਲੋਂ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸਾਂ ਦਾ ਧੂੰਆਂ ਮਾਲਵਾ ਖੇਤਰ ਵਿੱਚ ਅਸਮਾਨੀ ਚੜ੍ਹਨ ਲੱਗਿਆ ਹੈ। ਪੰਜ ਸੂਬਿਆਂ ਵਿੱਚ ਇਸ ਨਵੇਂ ਕਾਨੂੰਨ ਦੇ ਫੌਰੀ ਲਾਗੂ ਹੋਣ ਕਾਰਨ ਕਿਸਾਨ ਜਥੇਬੰਦੀਆਂ ਦੇ ਤੇਵਰ ਹੋਰ ਤਿੱਖੇ ਹੋ ਗਏ ਹਨ। ਇਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪਰਾਲੀ ਨੂੰ ਅੱਗ ਲਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਾਲੇ ਕਾਨੂੰਨਾਂ ਖ਼ਿਲਾਫ਼ ਰੇਲਵੇ ਪਲੇਟਫਾਰਮ ‘ਤੇ ਲੱਗੇ ਮੋਰਚੇ ਦੇ 30ਵੇਂ ਦਿਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਚੱਕ ਭਾਈਕੇ ਨੇ ਕੇਂਦਰ ਨੂੰ ਚਿਤਾਵਨੀ ਦਿੱਤੀ ਕਿ ਪਰਾਲੀ ਨੂੰ ਅੱਗ ਲਾਉਣ ’ਤੇ ਬਣਾਏ ਨਵੇਂ ਕਾਨੂੰਨ ਭਾਰੀ ਜੁਰਮਾਨੇ ਅਤੇ ਕੈਦ ਦੇ ਐਲਾਨ ਨਾਲ ਕਿਸਾਨ ਡਰਨ ਵਾਲੇ ਨਹੀਂ ਅਤੇ ਮੋਦੀ ਨੂੰ ਗੱਦੀ ਤੋਂ ਲਾਹ ਕੇ ਦਮ ਲੈਣਗੇ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਮੋਦੀ ਖਿਲਾਫ਼ ਪੰਜਾਬ ਵਿੱਚ ਉੱਠਿਆ ਵਿਦਰੋਹ ਪੂਰੇ ਭਾਰਤ ਵਿੱਚ ਫੈਲ ਚੁੱਕਾ ਹੈ ਅਤੇ ਮੋਦੀ ਸਰਕਾਰ ਦੀ ਅਰਥੀ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ। ਕਿਸਾਨ ਆਗੂ ਸੁਖਦਰਸ਼ਨ ਸਿੰਘ ਨੱਤ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ, ਕਿਉਂਕਿ ਪ੍ਰਦੂਸ਼ਣ ਹੋਰ ਵੀ ਪ੍ਰਾਈਵੇਟ ਕੰਪਨੀਆਂ ਜਾਂ ਥਰਮਲਾਂ ਦਾ ਧੂੰਆਂ ਹੁੰਦਾ ਹੈ ਪਰ ਕਾਨੂੰਨ ਸਿਰਫ਼ ਕਿਸਾਨਾਂ ਲਈ ਹੀ ਕਿਉਂ।
ਬੱਚਿਆਂ ਨੇ ਲਹਿਰਾਈਆਂ ਕਾਲੀਆਂ ਝੰਡੀਆਂ
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਰੇਲਵੇ ਸਟੇਸ਼ਨ ਉੱਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਲੇ ਕਾਨੂੰਨ ਖ਼ਿਲਾਫ਼ ਕਿਸਾਨ ਤੇ ਮਜ਼ਦੂਰ ਤੇ ਹੋਰ ਜਨਤਕ ਜਥੇਬੰਦੀਆਂ ਦਾ 30ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਧਰਨੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਬੱਚਿਆਂ ਨੇ ਵੀ ਕਾਲੀਆਂ ਝੰਡੀਆਂ ਲਹਿਰਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਗੁਲਾਟੀ ਨਾਮ ਦੇ ਵਕੀਲ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀਆਂ ਟਿੱਪਣੀਆਂ ਦੀ ਨਿਖੇਧੀ ਕਰਦਿਆਂ ਕਿਸਾਨ ਆਗੂ ਪ੍ਰਗਟ ਸਿੰਘ ਸਾਫੂਵਾਲਾ, ਨਿਰਮਲ ਸਿੰਘ ਮਾਣੂੰਕੇ, ਬਲਵੰਤ ਸਿੰਘ ਬ੍ਰਹਮਕੇ, ਸੂਰਤ ਸਿੰਘ ਧਰਮਕੋਟ, ਸੁਖਜਿੰਦਰ ਮਹੇਸਰੀ, ਸੁਖਵਿੰਦਰ ਸਿੰਘ ਬ੍ਰਹਮਕੇ, ਹਰਦਿਆਲ ਸਿੰਘ ਘਾਲੀ, ਜਸਵਿੰਦਰ ਸਿੰਘ ਧਰਮਕੋਟ ਤੇ ਅੰਗਰੇਜ਼ ਸਿੰਘ ਬ੍ਰਹਮਕੇ ਨੇ ਕਿਹਾ ਕਿ ਧਰਨੇ ਪ੍ਰਦਰਸ਼ਨ ਕਰ ਰਹੇ ਪੰਜਾਬੀਆਂ ਬਾਰੇ ਬਿਆਨ ਅੰਨਦਾਤਿਆਂ ਦਾ ਅਪਮਾਨ ਹੈ। ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸਥਾਨਕ ਅਡਾਨੀ ਆਧੁਨਿਕ ਅਨਾਜ ਭੰਡਾਰ ਅੱਗੇ 30ਵੇਂ ਦਿਨ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ ਵੀ ਧਰਨਾ ਜਾਰੀ ਰਿਹਾ ਹੈ।