ਜੋਗਿੰਦਰ ਸਿੰਘ ਮਾਨ
ਮਾਨਸਾ, 5 ਨਵੰਬਰ
ਤਿਉਹਾਰਾਂ ਦੇ ਦਿਨਾਂ ਦੌਰਾਨ ਵੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਸਫ਼ਾਈ ਕਾਰਜ ਆਊਟ ਆਫ਼ ਕੰਟਰੋਲ ਹੋਣ ਲੱੱਗੇ ਹਨ। ਹਰ ਪਾਸੇ ਗੰਦਗੀ ਦਾ ਆਲਮ ਹੈ। ਨਗਰ ਕੌਂਸਲ ਦੇ ਨੱਕ ’ਤੇ ਸਫ਼ਾਈ ਦੇ ਮਾੜੇ ਹਾਲ ਨੂੰ ਲੈਕੇ ਕੋਈ ਅਸਰ ਨਹੀਂ ਹੋ ਰਿਹਾ ਹੈ, ਜਦੋਂ ਕਿ ਲੋਕ ਆਪੋ-ਆਪਣੇ ਘਰਾਂ ਨੂੰ ਨਵੇਂ ਰੰਗ ਰੋਗਨ ਅਤੇ ਸਫ਼ਾਈ ਕਰਨ ਵਿਚ ਮਸ਼ਰੂਫ਼ ਹਨ।
ਦੀਵਾਲੀ ਨੇੜਲੇ ਦਿਨਾਂ ਦੌਰਾਨ ਸਫ਼ਾਈ ਸਬੰਧੀ ਮਾੜੇ ਹਾਲ ਨੂੰ ਲੈਕੇ ਹਰ ਵਾਰਡ ਵਿਚ ਰੌਣਾ ਰੋਇਆ ਜਾ ਰਿਹਾ ਹੈ। ਸ਼ਹਿਰ ਦੇ 27 ਵਾਰਡਾਂ ’ਚੋਂ ਇੱਕ ਵਾਰਡ ਵੀ ਅਜਿਹਾ ਨਹੀਂ, ਜੋ ਸਾਫ਼-ਸੁਥਰਾ ਹੋਵੇ। ਇਥੇ ਸਫ਼ਾਈ ਸਬੰਧੀ ਕੋਈ ਸੁਣਵਾਈ ਨਹੀਂ, ਭਾਵੇਂ ਲੋਕ ਕੌਂਸਲਰ ਨੂੰ ਮਿਲ ਲੈਣ ਤੇ ਭਾਵੇਂ ਜ਼ਿਲ੍ਹਾ ਪੱਧਰੀ ਉੱਚ ਅਧਿਕਾਰੀਆਂ ਕੋਲ ਰੌਣਾ ਰੋ ਲੈਣ।
ਮਾਨਸਾ ਸ਼ਹਿਰ ਵਿੱਚ ਕਈ ਧਿਰਾਂ ਵੱਲੋਂ ਸਫ਼ਾਈ ਮੁਹਿੰਮਾਂ ਤਾਂ ਸ਼ੁਰੂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਉਨ੍ਹਾਂ ਦੇ ਸਾਰਥਕ ਨਤੀਜੇ ਕਿਧਰੇ ਨਹੀਂ ਨਿਕਲੇ, ਜਿਸ ਲਈ ਆਮ ਲੋਕਾਂ ਵਿੱਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਹੈ ਕਿ ਵੱਖ-ਵੱਖ ਵਾਰਡਾਂ ’ਚੋਂ ਚੁਣੇ ਗਏ ਨੁਮਾਇੰਦੇ ਵੀ ਸਫ਼ਾਈ ਵਰਗੇ ਪ੍ਰਬੰਧਾਂ ਲਈ ਵਿਸ਼ੇਸ਼ ਉਪਰਾਲਾ ਨਹੀਂ ਕਰਵਾ ਸਕੇ ਹਨ।
ਸਫ਼ਾਈ ਦੀ ਮਾੜੀ ਹਾਲਤ ਸਬੰਧੀ ਸ਼ਹਿਰ ਦਾ ਚੱਕਰ ਲਾਇਆਂ ਤੋਂ ਪਤਾ ਲੱਗਦਾ ਹੈ ਕਿ ਗਲੀਆਂ ਵਿਚ ਕਈ-ਕਈ ਦਿਨਾਂ ਤੋਂ ਗਲੀਆਂ ਦੀ ਸਫ਼ਾਈ ਕਰਨ ਵਾਲਾ ਕੋਈ ਸੇਵਾਦਾਰ ਆਇਆ ਹੀ ਨਹੀਂ ਨਾ ਹੀ ਗਲੀਆਂ ਵਿਚ ਝਾੜੂ ਦੇਣ ਵਾਲਾ ਬਹੁੜਿਆ ਹੈ। ਸ਼ਹਿਰ ਵਿਚਲੀਆਂ ਗਲੀਆਂ ਤੋਂ ਇਲਾਵਾ ਮੁੱਖ ਬਾਜ਼ਾਰਾਂ ਵਿਚ ਵੀ ਗੰਦਗੀ ਦੇ ਢੇਰ ਨਰਮੇ-ਕਪਾਹਾਂ ਵਾਂਗੂ ਲੱਗੇ ਪਏ ਹਨ।