ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਮਈ
ਮੁਕਤਸਰ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਅਜੀਬੋ ਗਰੀਬ ਹਾਲਾਤਾਂ ਵਿਚੋਂ ਗੁਜ਼ਰ ਰਹੀ ਹੈ। ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਫਾਟਕੋਂ ਪਾਰ ਦਾ ਸੀਵਰੇਜ ਕਈ ਥਾਵਾਂ ਤੋਂ ਹੇਠਾਂ ਧਸ ਗਿਆ ਹੈ, ਜਿਸ ਕਾਰਨ ਡੀਏਵੀ ਸਕੂਲ ਕੋਲ ਆਰਜ਼ੀ ਪੰਪ ਲਗਾ ਕੇ ਇਹ ਪਾਣੀ ਮਸੀਤ ਚੌਕ ਦੇ ਮੇਨ ਹੋਲ ਵਿਚ ਉਲਟ ਦਿਸ਼ਾ ਵੱਲ ਸੁੱਟਿਆ ਜਾ ਰਿਹਾ ਹੈ। ਤਿੰਨ ਸੀਵਰੇਜ ਟਰੀਟਮੈਂਟ ਪਲਾਂਟ, ਜੋ ਕਈ ਸਾਲਾਂ ਤੋਂ ਬੰਦ ਹਨ, ਦਾ ਦੂਸ਼ਿਤ ਪਾਣੀ ਚੰਨਭਾਨ ਡਰੇਨ ਵਿਚ ਸੁੱਟਿਆ ਜਾ ਰਿਹਾ ਹੈ। ਟਰੀਟਮੈਂਟ ਪਲਾਂਟ ਕੰਮ ਨਾ ਕਰਨ ਕਰਕੇ ਸੀਵਰੇਜ ਦਾ ਗੰਦਾ ਪਾਣੀ ਨਾਲਿਆਂ ਰਾਹੀਂ ਸੇਮਨਾਲੇ ਵਿਚ ਜਾ ਰਿਹਾ ਹੈ। ਬੂੜਾ ਗੁੱਜਰ ਰੋਡ, ਜਲਾਲਾਬਾਦ ਰੋਡ ਅਤੇ ਭਾਗਸਰ ਰੋਡ ਦੇ ਕਿਸਾਨਾਂ ਵੱਲੋਂ ਸੀਵਰੇਜ ਦੇ ਗੰਦੇ ਪਾਣੀ ਨਾਲ ਸਬਜ਼ੀਆਂ ਉਗਾਈਆਂ ਜਾ ਰਹੀਆਂ ਹਨ। ਉਹੀ ਸਬਜ਼ੀਆਂ ਬਾਜ਼ਾਰ ਵਿੱਚ ਵਿਕ ਰਹੀਆਂ ਹਨ। ਇਥੇ ਹੀ ਬਸ ਨਹੀਂ ਪਸ਼ੂਆਂ ਦਾ ਚਾਰਾ ਤਿਆਰ ਕਰਨ ਲਈ ਵੀ ਇਹੀ ਗੰਦਾ ਪਾਣੀ ਵਰਤਿਆ ਜਾ ਰਿਹਾ ਹੈ। ਸੀਵਰੇਜ ਬਲਾਕ ਹੋਣ ਕਰਕੇ ਪਾਣੀ ਸੜਕਾਂ ਉਪਰ ਫੈਲਿਆ ਰਹਿੰਦਾ ਹੈ।
ਨੈਸ਼ਨਲ ਕੰਜ਼ਿਊਮਰ ਅਵੇਰਨੈੱਸ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਤੇ ਹੋਰ ਆਗੂਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਮੰਗੀ ਹੈ।
ਕੀ ਕਹਿੰਦੇ ਨੇ ਸੀਵਰੇਜ ਬੋਰਡ ਦੇ ਐੱਸਡੀਓ
ਸੀਵਰੇਜ ਬੋਰਡ ਦੇ ਐੱਸਡੀਓ ਰਾਕੇਸ਼ ਕੁਮਾਰ ਮੱਕੜ ਨੇ ਦੱਸਿਆ ਕਿ ਇਹ ਸੀਵਰੇਜ ਪਲਾਂਟ 2012 ਵਿੱਚ ਬਣੇ ਸੀ ਤੇ 2015 ਵਿੱਚ ਬੰਦ ਹੋ ਗਏ| ਪਹਿਲਾਂ ਇਹ ਜਨ ਸਿਹਤ ਵਿਭਾਗ ਕੋਲ ਸੀ, ਹੁਣ ਸੀਵਰੇਜ ਬੋਰਡ ਕੋਲ ਹਨ| ਉਨ੍ਹਾਂ ਕਿਹਾ ਕਿ ਪਹਿਲਾਂ ਫੰਡਾਂ ਦੀ ਘਾਟ ਸੀ, ਹੁਣ ਫੰਡ ਅਲਾਟ ਹੋ ਗਏ ਹਨ| ਹੁਣ 24 ਮਈ ਨੂੰ ਟੈਂਡਰ ਲਾਏ ਜਾ ਰਹੇ ਹਨ, ਟੈਂਡਰ ਪਾਸ ਹੋ ਗਏ ਤਾਂ ਸਮੱਸਿਆ ਦਾ ਹੱਲ ਹੋ ਜਾਵੇਗਾ ਤੇ ਤਿੰਨ ਮਹੀਨਿਆਂ ’ਚ ਪਲਾਂਟ ਚੱਲ ਪੈੈਣਗੇ|
ਨਗਰ ਕੌਂਸਲ ਵੱਲੋਂ ਲਾਏ ਜਾ ਰਹੇ ਨੇ ਨਵੇਂ ਸੀਵਰੇਜ ਪਲਾਂਟ
ਨਗਰ ਕੌਂਸਲ ਦੇ ਪ੍ਰਧਾਨ ਸ਼ਮੀ ਤੇਹਰੀਆ ਨੇ ਦੱਸਿਆ ਕਿ ਸੀਵਰੇਜ ਟਰੀਟਮੈਂਟ ਪਲਾਂਟ ਜਨ ਸਿਹਤ ਵਿਭਾਗ ਦੇ ਅਧੀਨ ਹੈ| ਕਮੇਟੀ ਵੱਲੋਂ ਮਤਾ ਪਾ ਕੇ ਹੁਣ ਗਲੀਆਂ ਵਿੱਚ 5 ਲੱਖ ਰੁਪਏ ਤੱਕ ਦੇ ਨਵੇਂ ਸੀਵਰੇਜ ਪਲਾਂਟ ਲਾਏ ਜਾ ਰਹੇ ਹਨ ਤਾਂ ਜੋ ਰਿਹਾਇਸ਼ੀ ਇਲਾਕਿਆਂ ਵਿੱਚ ਗੰਦਗੀ ਨਾ ਫੈਲੇ|