ਨਵਕਿਰਨ ਸਿੰਘ
ਮਹਿਲ ਕਲਾਂ, 1 ਜੁਲਾਈ
ਪੋਲਟਰੀ ਫਾਰਮ ਤੋਂ ਆਉਣ ਵਾਲੀਆ ਮੱਖੀਆਂ ਤੋਂ ਅੱਕੇ ਪਿੰਡ ਨਾਈਵਾਲਾ ਵਾਸੀਆਂ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਅਗਵਾਈ ਹੇਠ ਪੋਲਟਰੀ ਫਾਰਮ ਦੇ ਗੇਟ ਅੱਗੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇਸ ਮਸਲੇ ਸਬੰਧੀ ਮੰਗ ਪੱਤਰ ਦੇ ਚੁੱਕੇ ਹਨ ਪਰ ਜਦ ਜ਼ਿਲ੍ਹਾ ਪ੍ਰਸ਼ਾਸਨ ਨੇ ਮਸਲਾ ਹੱਲ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਹਾਇਕ ਸਕੱਤਰ ਵਰਿੰਦਰ ਸਿੰਘ ਆਜ਼ਾਦ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਜਗਦੀਸ਼ ਸਿੰਘ ਨਾਈਵਾਲਾ ਨੇ ਕਿਹਾ ਕਿ ਸਰਕਾਰ ਦੇ ਕਾਨੂੰਨ ਅਨੁਸਾਰ ਰਿਹਾਇਸ਼ੀ ਇਲਾਕੇ ਨੇੜੇ ਪੋਲਟਰੀ ਫਾਰਮ ਨਹੀਂ ਖੋਲ੍ਹਿਆ ਜਾ ਸਕਦਾ ਪਰ ਇਹ ਪੋਲਟਰੀ ਫਾਰਮ ਪਿੰਡ ਤੋਂ ਜ਼ਿਆਦਾ ਦੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪੋਲਟਰੀ ਫਾਰਮ ਦੇ ਆਸ-ਪਾਸ ਚੂਹਿਆਂ ਦੀ ਭਰਮਾਰ ਹੈ ਜਦਕਿ ਇਸ ਪੋਲਟਰੀ ਫਾਰਮ ‘ਚੋਂ ਮੱਖੀਆਂ ਉੱਡ ਕੇ ਲੋਕਾਂ ਦੇ ਘਰਾਂ ਵਿੱਚ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਪੋਲਟਰੀ ਫਾਰਮ ਤੋਂ ਆਉਣ ਵਾਲੀਆਂ ਮੱਖੀਆਂ/ਮੱਛਰਾਂ ਨਾਲ ਮਲੇਰੀਆ, ਹੈਜ਼ਾ ਤੇ ਡੇਂਗੂ ਆਦਿ ਬਿਮਾਰੀਆ ਫੈਲ ਸਕਦੀਆਂ ਹਨ ਇਸ ਲਈ ਪ੍ਰਸ਼ਾਸਨ ਫੌਰੀ ਲੋਕਾਂ ਦਾ ਮਸਲਾ ਹੱਲ ਕਰੇ।