ਜਸਵੰਤ ਸਿੰਘ ਥਿੰਦ
ਮਮਦੋਟ, 7 ਜੂਨ
ਕਰੀਬ ਅੱਠ ਦਿਨ ਪਹਿਲਾਂ ਆਏ ਤੂਫਾਨ ਕਾਰਨ ਬਿਜਲੀ ਟਾਵਰ ਟੁੱਟਣ ਕਾਰਨ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਅਜੇ ਤੱਕ ਬਹਾਲ ਨਾ ਹੋ ਸਕੀ। ਬਿਜਲੀ ਸਪਲਾਈ ਨਾ ਮਿਲਣ ਕਾਰਨ ਅੱਕੇ ਹੋਏ ਲੋਕਾਂ ਨੇ ਖਾਈ ਫੇਮੇ ਕੀ ਵਿਖੇ ਫਾਜ਼ਿਲਕਾ ਸੜਕ ’ਤੇ ਧਰਨਾ ਲਾ ਕੇ ਜਾਮ ਕਰ ਦਿੱਤਾ ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਕਈ ਕਿਲੋਮੀਟਰ ਤਕ ਜਾਮ ਲੱਗ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਕਰੀਬ ਛੇ ਵਜੇ ਲੱਗੇ ਧਰਨੇ ਦੌਰਾਨ ਸੈਂਕੜੇ ਲੋਕਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਤੇ ਬਿਜਲੀ ਵਿਭਾਗ ਮੁਰਦਾਬਾਦ ਦੇ ਨਾਅਰੇ ਲਗਾਏ। ਧਰਨਾਕਾਰੀਆਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ’ਤੇ ਫੋਨ ਨਾ ਚੁੱਕਣ ਦਾ ਦੋਸ਼ ਲਾਇਆ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਚਾਲੂ ਕੀਤੀ ਗਈ ਹੈਲਪਲਾਈਨ ਨੰਬਰ ’ਤੇ ਵੀ ਸੈਂਕੜੇ ਵਾਰ ਫੋਨ ਕੀਤਾ ਗਿਆ ਲੇਕਿਨ ਬਿਜਲੀ ਸਪਲਾਈ ਦਾ ਹੱਲ ਨਹੀਂ ਹੋ ਸਕਿਆ।
ਲੋਕਾਂ ਨੇ ਦੋਸ਼ ਲਾਇਆ ਕਿ ਬਿਜਲੀ ਸਪਲਾਈ ਨਾ ਮਿਲਣ ਕਾਰਨ ਘਰਾਂ ਵਿੱਚ ਪੀਣ ਵਾਲਾ ਪਾਣੀ ਵੀ ਨਹੀਂ ਲੱਭ ਰਿਹਾ ਉੱਪਰੋਂ ਪੈ ਰਹੀ ਭਾਰੀ ਗਰਮੀ ਕਾਰਨ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਉਧਰ ਖ਼ਬਰ ਲਿਖੇ ਜਾਣ ਤੱਕ ਬਿਜਲੀ ਵਿਭਾਗ ਦੇ ਜੇਈ ਨੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਰਾਤ ਨੌੰ ਵਜੇ ਦੇ ਕਰੀਬ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।
ਡੀਸੀ ਵੱਲੋਂ ਬਿਜਲੀ ਸਪਲਾਈ ਛੇਤੀ ਚਾਲੂ ਕਰਨ ਦੀ ਹਦਾਇਤ
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੈ ਕਿ ਜਲਦੀ ਤੋਂ ਜਲਦੀ ਬਿਜਲੀ ਸਪਲਾਈ ਚਾਲੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਐੱਸਡੀਐੱਮ ਫਿਰੋਜ਼ਪੁਰ ਅਮਿਤ ਗੁਪਤਾ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਮੌਕੇ ’ਤੇ ਜਾ ਕੇ ਧਰਨਾਕਾਰੀਆਂ ਦੀ ਗੱਲ ਸੁਣਨ ਅਤੇ ਬਿਜਲੀ ਸਪਲਾਈ ਬਹਾਲ ਕਰਵਾਉਣ। ਇਸ ਸਬੰਧੀ ਐੱਸਡੀਐੱਮ ਅਮਿਤ ਗੁਪਤਾ ਨੇ ਕਿਹਾ ਕਿ ਪੰਦਰਾਂ ਵੀਹ ਮਿੰਟ ਦੇ ਵਿੱਚ ਬਿਜਲੀ ਸਪਲਾਈ ਚਾਲੂ ਕਰਵਾ ਦਿੱਤੀ ਜਾਵੇਗੀ।