ਮਲਕੀਤ ਸਿੰਘ ਟੋਨੀ
ਜਲਾਲਾਬਾਦ, 5 ਜੁਲਾਈ
ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਲਾਪ੍ਰਵਾਹੀ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਤਿੰਨ ਪਿੰਡਾਂ ਦੀ ਬਿਜਲੀ ਸਪਲਾਈ ਚਾਲੂ ਨਾ ਹੋਣ ਦੇ ਰੋਸ ਵਜੋਂ ਅੱਜ ਉਕਤ ਪਿੰਡਾਂ ਦੇ ਵਸਨੀਕਾਂ ਨੇ ਫ਼ਾਜ਼ਿਲਕਾ-ਫ਼ਿਰੋਜ਼ਪੁਰ ਮੁੱਖ ਮਾਰਗ ਜਾਮ ਕੀਤਾ ਅਤੇ ਰੋਸ ਧਰਨਾ ਲਗਾ ਕੇ ਬਿਜਲੀ ਵਿਭਾਗ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ।
ਧਰਨੇ ਵਿੱਚ ਸ਼ਾਮਲ ਪਿੰਡ ਸ਼ੇਰ ਮੁਹੰਮਦ, ਭੁਰਾਣ ਪੱਟੀ ਅਤੇ ਮਾਹਮੂਜੋਈਆ ਦੇ ਵਸਨੀਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਆਈ ਹਨੇਰੀ ਕਾਰਨ ਬਿਜਲੀ ਸਪਲਾਈ ਦੇ ਖੰਭੇ ਅਤੇ ਕੁਝ ਹੋਰ ਉਪਕਰਨ ਡਿੱਗ ਪਏ ਸਨ, ਜਿਨ੍ਹਾਂ ਨੂੰ ਠੀਕ ਕਰਵਾਉਣ ਵਾਸਤੇ ਬਿਜਲੀ ਵਿਭਾਗ ਤੱਕ ਪਹੁੰਚ ਕੀਤੀ ਗਈ ਪ੍ਰੰਤੂ ਕੁਝ ਮੁਲਾਜ਼ਮਾਂ ਨੇ ਜਾਣ-ਬੁੱਝ ਕੇ ਬਿਜਲੀ ਸਪਲਾਈ ਚਾਲੂ ਨਹੀਂ ਕਰਵਾਈ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਇਹ ਧਰਨਾ ਦੇਣਾ ਪਿਆ ਹੈ । ਉਨ੍ਹਾਂ ਦੱਸਿਆ ਕਿ ਬਿਜਲੀ ਨਾ ਹੋਣ ਕਾਰਨ ਗਰਮੀ ਦੇ ਮੌਸਮ ਵਿੱਚ ਜਿੱਥੇ ਉਨ੍ਹਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ, ਉੱਥੇ ਹੀ ਝੋਨਾ ਵੀ ਸੜ ਰਿਹਾ ਹੈ ਪ੍ਰੰਤੂ ਬਿਜਲੀ ਵਿਭਾਗ ਦੇ ਮੁਲਾਜ਼ਮ ਲਾਪ੍ਰਵਾਹੀ ਵਰਤ ਕੇ ਕੰਮ ਨੂੰ ਲੇਟ ਕਰ ਰਹੇ ਹਨ। ਉਧਰ ਧਰਨੇ ਦੀ ਸੂਚਨਾ ਮਿਲਣ ਉੱਤੇ ਐਸਡੀਓ ਨਵਦੀਪ ਸਿੰਘ ਮੌਕੇ ’ਤੇ ਪਹੁੰਚੇ ਜਿਨ੍ਹਾਂ ਖੁਦ ਜਾ ਕੇ ਬਿਜਲੀ ਸਪਲਾਈ ਚਾਲੂ ਕਰਵਾਈ ਅਤੇ ਨਾਲ ਹੀ ਜ਼ਿੰਮੇਵਾਰ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਦਿਆਂ ਦੋ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ। ਉਧਰ ਧਰਨੇ ਦੇ ਕਾਰਨ ਰੋਡ ਉੱਤੇ ਟਰੈਫਿਕ ਜਾਮ ਹੋ ਗਿਆ ਅਤੇ ਅਨੇਕਾਂ ਰਾਹਗੀਰ ਗਰਮੀ ਦੇ ਕਾਰਨ ਬੜੇ ਪ੍ਰੇਸ਼ਾਨ ਹੋਏ।
ਮਮਦੋਟ (ਜਸਵੰਤ ਸਿੰਘ ਥਿੰਦ): ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫੁੱਲਰਵੰਨ ਫੀਡਰ ਦੇ ਕਈ ਪਿੰਡਾਂ ਨੂੰ ਬੀਤੇ ਤਿੰਨ ਦਿਨਾਂ ਤੋਂ ਮੋਟਰਾਂ ਵਾਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਖਾਈ ਫੇਮੇ ਕੀ ਦੇ ਨਜ਼ਦੀਕ ਰੋਡ ਨੂੰ ਜਾਮ ਕਰ ਦਿੱਤਾ ਤੇ ਪੰਜਾਬ ਸਰਕਾਰ ਅਤੇ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਇਹ ਘੋੜੇ ਚੱਕ ਵੱਲੋਂ ਕੀਤੀ ਗਈ। ਇਸ ਸਬੰਧੀ ਐਕਸੀਅਨ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਧਕ ਤੋਂ ਆਉਂਦੀ ਛਿਆਹਠ ਕੇਵੀ ਲਾਈਨ ਵਿੱਚ ਫਾਲਟ ਹੋਣ ਕਰਕੇ ਸਮੱਸਿਆ ਆਈ ਹੈ ਜਿਸ ਨੂੰ ਟੈਕਨੀਕਲ ਟੀਮ ਠੀਕ ਕਰਨ ਵਿੱਚ ਲੱਗੀ ਹੋਈ ਹੈ ਅਤੇ ਛਿਆਹਠ ਕੇਵੀ ਲਾਈਨ ਠੀਕ ਹੋਣ ਤੋਂ ਬਾਅਦ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।
ਕਿਸਾਨਾਂ ਵੱਲੋਂ ਐਕਸੀਅਨਾਂ ਦੇ ਦਫ਼ਤਰਾਂ ਮੂਹਰੇ ਧਰਨਾ
ਬਰਨਾਲਾ (ਪਰਸ਼ੋਤਮ ਬੱਲੀ): ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਥਾਨਕ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ ਅੱਜ ਨਾਕਸ ਖੇਤੀ ਬਿਜਲੀ ਸਪਲਾਈ ਠੀਕ ਕਰਵਾਉਣ ਲਈ ਮੰਡਲ ਐਕਸੀਅਨਾਂ ਦੇ ਦਫ਼ਤਰਾਂ ਅੱਗੇ ਤਬਦੀਲ ਕੀਤਾ ਗਿਆ ਤੇ ਸਿਖ਼ਰ ਦੁਪਹਿਰ ਨਾਅਰੇਬਾਜ਼ੀ ਕਰਕੇ ਆਕਾਸ਼ ਗੂੰਜਾਇਆ। ਆਗੂਆਂ ਕਿਹਾ ਕਿ ਝੋਨਾ ਲਵਾਈ ਦੇ ਦਿਨਾਂ ਦੌਰਾਨ ਜਦੋਂ ਸਿੰਜਾਈ ਹਿੱਤ ਖੇਤੀ ਟਿਊਬਵੈੱਲਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਨਿੱਘਰ ਚੁੱਕੀ ਹੈ। ਇਸ ਨੂੰ ਦਰੁਸਤ ਕਰਵਾਉਣ ਲਈ ਅੱਜ ਪੀਐੱਸਪੀਸੀਐੱਲ ਬਰਨਾਲਾ ਦੇ ਸ਼ਹਿਰੀ ਮੰਡਲ, ਦਿਹਾਤੀ ਮੰਡਲ ਅਤੇ ਗਰਿੱਡ (ਸਾਂਭ ਸੰਭਾਲ) ਦੇ ਐਕਸੀਅਨਾਂ ਦੇ ਦਫ਼ਤਰਾਂ ਮੂਹਰੇ ਧਰਨਾ ਦੇ ਕੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ। ਕਿਸਾਨਾਂ ਨੇ ਮੰਗ ਕੀਤੀ ਕਿ ਖੇਤੀ ਖੇਤਰ ਲਈ ਘੱਟੋ ਘੱਟ ਅੱਠ ਘੰਟੇ ਤੇ ਲਗਾਤਾਰ ਬਿਜਲੀ ਸਪਲਾਈ ਦਾ ਪ੍ਰਬੰਧ ਕੀਤਾ ਜਾਵੇ, ਅਣਐਲਾਨੇ ਬਿਜਲੀ ਕੱਟ ਬੰਦ ਕੀਤੇ ਜਾਣ, ਖਰਾਬ ਟਰਾਂਸਫਾਰਮਰ 24 ਘੰਟੇ ’ਚ ਬਦਲੇ ਜਾਣ, ਤਕਨੀਕੀ ਖ਼ਰਾਬੀ ਕਾਰਨ ਜਿੰਨੇ ਸਮੇਂ ਲਈ ਸਪਲਾਈ ਬੰਦ ਰਹਿੰਦੀ ਹੈ, ਓਨੇ ਵਾਧੂ ਸਮੇਂ ਲਈ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇ, ਜੇਕਰ 24 ਘੰਟੇ ’ਚ ਟਰਾਂਸਫਾਰਮਰ ਨਹੀਂ ਬਦਲਿਆ ਜਾਂਦਾ ਤਾਂ ਸਬੰਧਤ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਆਦਿ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਪਵਿੱਤਰ ਸਿੰਘ ਲਾਲੀ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਸ਼ਰਮਾ, ਨਛੱਤਰ ਸਿੰਘ ਸਾਹੌਰ, ਅਮਰਜੀਤ ਕੌਰ, ਬਾਬੂ ਸਿੰਘ ਖੁੱਡੀ ਕਲਾਂ, ਗੁਰਦਰਸ਼ਨ ਸਿੰਘ ਦਿਉਲ, ਹਰਚਰਨ ਚੰਨਾ, ਰਣਜੀਤ ਸਿੰਘ ਮਿੱਠੂ ਕਲਾਲਾ, ਗੁਰਨਾਮ ਸਿੰਘ ਠੀਕਰਾਵਾਲਾ, ਗੋਰਾ ਸਿੰਘ ਢਿੱਲਵਾਂ, ਬਲਜੀਤ ਸਿੰਘ ਚੌਹਾਨਕੇ, ਨਾਨਕ ਸਿੰਘ ਤੇ ਗੁਰਵਿੰਦਰ ਸਿੰਘ ਕਾਲੇਕਾ ਨੇ ਸੰਬੋਧਨ ਕੀਤਾ। ਅਧਿਕਾਰੀਆਂ ਨੇ ਕਿਸਾਨਾਂ ਦਾ ਬਿਜਲੀ ਸਬੰਧੀ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ।