ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 3 ਨਵੰਬਰ
ਪਾਵਰਕੌਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ ਸਬ-ਡਿਵੀਜ਼ਨ ਮਹਿਲ ਕਲਾਂ ਅਤੇ ਠੁੱਲੀਵਾਲ ਦੇ ਪੈਨਸ਼ਨਰਜ਼ਾਂ ਦੀ ਅਹਿਮ ਮੀਟਿੰਗ ਹੋਈ ਅਤੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਸੁਖਜੰਟ ਸਿੰਘ ਬਰਨਾਲਾ ਨੇ ਕਿਹਾ ਕਿ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਅਤੇ ਪੈਨਸ਼ਨਰਜ਼ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ‘ਆਪ’ ਸਰਕਾਰ ਭੱਜ ਰਹੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਮੁਲਾਜ਼ਮ ਅਤੇ ਪੈਨਸ਼ਨਰਜ਼ ਨੂੰ 4 ਫ਼ੀਸਦੀ ਡੀਏ ਦੇਣ ਦੇ ਤੋਹਫੇ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ਜਦਕਿ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਦਾ 15 ਫੀਸਦੀ ਡੀਏ ਬਣਦਾ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਾਂਝਾ ਫਰੰਟ ਮੁਲਾਜ਼ਮ ਜਥੇਬੰਦੀਆ ਵੱਲੋਂ ਪੰਜਾਬ ਅੰਦਰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿੱਚ ਜਾ ਕੇ ‘ਆਪ’ ਦਾ ਡੱਟਕੇ ਵਿਰੋਧ ਕੀਤਾ ਜਾਵੇਗਾ ਜਿਸ ਤਹਿਤ 10 ਨਵੰਬਰ ਨੂੰ ਬਰਨਾਲਾ ਵਿੱਚ ਸਾਂਝਾ ਫਰੰਟ ਮੁਲਾਜ਼ਮ ਅਤੇ ਪੈਨਸਨਰਜ਼ ਵੱਲੋਂ ਸਰਕਾਰ ਖਿਲਾਫ਼ ਉਲੀਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।