ਨਿੱਜੀ ਪੱਤਰ ਪ੍ਰੇਰਕ
ਮਲੋਟ, 9 ਸਤੰਬਰ
ਪਾਵਰਕੌਮ ਨੇ ਆਪਣੀ ਪਾਵਰ ਦਾ ਇਸਤੇਮਾਲ ਕਰਦਿਆਂ 50 ਹਜ਼ਾਰ ਰੁਪਏ ਤੋਂ ਵੱਧ ਬਿਜਲੀ ਬਕਾਏ ਵਾਲੇ ਲੋਕਾਂ ਦੇ ਮੀਟਰ ਪੁੱਟ ਦਿੱਤੇ ਹਨ। ਉਧਰ, ਲੋਕਾਂ ਦਾ ਕਹਿਣਾ ਹੈ ਕਿ ਕਰੋਨਾ ਕਾਲ ਦੌਰਾਨ ਕੀਤੀ ਤਾਲਾਬੰਦੀ ਕਾਰਨ ਉਨ੍ਹਾਂ ਦਾ ਕੰਮਕਾਰ ਠੱਪ ਸੀ, ਜਿਸ ਕਰਕੇ ਉਹ ਪਹਿਲਾਂ ਹੀ ਪ੍ਰੇਸ਼ਾਨ ਹਨ ਅਤੇ ਰਹਿੰਦੀ ਕਸਰ ਪਾਵਰਕੌਮ ਨੇ ਬਿਜਲੀ ਦੇ ਮੀਟਰ ਪੁੱਟ ਕੇ ਕੱਢ ਦਿੱਤੀ ਹੈ। ਲੋਕਾਂ ਨੇ ਕਿਹਾ ਕਿ ਅਸਰ ਰਸੂਖ਼ ਵਾਲਿਆਂ ਵੱਲ ਪਾਵਰਕੌਮ ਮੂੰਹ ਨਹੀਂ ਕਰਦਾ ਜਦਕਿ ਸਾਧਾਰਨ ਖਪਤਕਾਰਾਂ ਦੇ ਮੀਟਰ ਪੁੱਟੇ ਜਾ ਰਹੇ ਹਨ।
ਸ਼ਹਿਰ ਵਾਸੀਆਂ ਨੇ ਪਾਵਰਕੌਮ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਬਿੱਲ ਭਰਨ ਨੂੰ ਤਿਆਰ ਹਨ ਪਰ ਕਰੋਨਾ ਕਾਰਨ ਉਨ੍ਹਾਂ ਨੂੰ ਬਿੱਲਾਂ ’ਚ ਛੋਟ ਦਿੱਤੀ ਜਾਵੇ ਕਿਉਂਕਿ ਅਜੇ ਵੀ ਕਾਰੋਬਾਰ ਪਹਿਲਾਂ ਵਾਂਗ ਨਹੀਂ ਚੱਲ ਰਹੇ।
ਬਿਨਾਂ ਨੋਟਿਸ ਦਿੱਤਿਆਂ ਬਿਜਲੀ ਮੀਟਰ ਪੁੱਟਣ ਦੇ ਦੋਸ਼
ਭੁੱਚੋ ਮੰਡੀ (ਪੱਤਰ ਪ੍ਰੇਰਕ): ਪਿੰਡ ਭੁੱਚੋ ਕਲਾਂ ਦੇ ਇਕ ਕਿਸਾਨ ਨੇ ਬਿਜਲੀ ਅਧਿਕਾਰੀਆਂ ’ਤੇ ਬਿਨਾਂ ਦੱਸੇ ਮੀਟਰ ਪੁੱਟਣ ਅਤੇ ਨਾਜਾਇਜ਼ ਜੁਰਮਾਨਾ ਕਰਨ ਦੇ ਦੋਸ਼ ਲਗਾਏ ਹਨ। ਦਰਬਾਰਾ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ 28 ਜੂਨ ਨੂੰ ਜੇਈ ਸਾਜਨ ਨੇ ਉਸ ਦੇ ਘਰ ਦਾ ਬਿਜਲੀ ਮੀਟਰ ਬਿਨਾਂ ਕੋਈ ਨੋਟਿਸ ਦਿੱਤੇ ਪੁੱਟ ਲਿਆ ਅਤੇ ਨਵਾਂ ਮੀਟਰ ਲਗਾ ਦਿੱਤਾ। ਪੁਰਾਣਾ ਮੀਟਰ ਪੁੱਟਣ ਸਮੇਂ ਬਿਲਕੁਲ ਸਹੀ ਸੀ। ਜੇਈ ਨੇ ਐੱਮਸੀਓ ਉੱਪਰ ਉਸ ਕੋਲੋਂ ਦਸਖ਼ਤ ਵੀ ਨਹੀਂ ਕਰਵਾਏ। ਵਿਭਾਗ ਨੇ 28 ਅਗਸਤ ਨੂੰ ਨੋਟਿਸ ਭੇਜ ਕੇ ਪੁਰਾਣੇ ਮੀਟਰ ਨਾਲ ਛੇੜ-ਛਾੜ ਹੋਣ ਅਤੇ 37,953 ਰੁਪਏ ਜੁਰਮਾਨੇ ਵਜੋਂ ਭਰਨ ਲਈ ਕਿਹਾ ਹੈ। ਉਸ ਨੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜੇਈ ਸਾਜਨ ਨੇ ਕਿਹਾ ਕਿ ਮੀਟਰ ਕਿਸਾਨ ਦੀ ਹਾਜ਼ਰੀ ਵਿਚ ਪੁੱਟਿਆ ਗਿਆ ਸੀ। ਐੱਸਡੀਓ ਰੋਹਿਤ ਨੇ ਕਿਹਾ ਕਿ ਮਹਿਕਮੇ ਵੱਲੋਂ ਪੁਰਾਣੇ ਕਾਲੇ ਮੀਟਰ ਬਦਲਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਆਧਾਰ ’ਤੇ ਹੀ ਦਰਬਾਰਾ ਸਿੰਘ ਦਾ ਮੀਟਰ ਬਦਲਿਆ ਗਿਆ ਹੈ। ਜੁਰਮਾਨਾ ਐੱਮਈ ਲੈਬ ਬਠਿੰਡਾ ਵੱਲੋਂ ਪਾਇਆ ਗਿਆ ਹੈ।