ਪੱਤਰ ਪ੍ਰੇਰਕ
ਗਿੱਦੜਬਾਹਾ, 2 ਜੁਲਾਈ
ਗਿੱਦੜਬਾਹਾ ਦੀ ਕੈਨਾਲ ਕਲੋਨੀ ਦੇ ਕੁਆਰਟਰਾਂ ਵਿੱਚ ਰਹਿ ਰਹੇ ਕਈ ਵਸਨੀਕਾਂ ਦੇ ਨਾਂ ’ਤੇ ਬਿਜਲੀ ਮੀਟਰ ਨਹੀਂ ਹਨ ਅਤੇ ਨਾ ਹੀ ਕੁਆਰਟਰ ਉਨ੍ਹਾਂ ਦੇ ਨਾਂ ਹਨ। ਕਲੋਨੀ ਵਿੱਚ ਲੱਗੇ ਮੀਟਰ ਕਈ ਸਾਲ ਪਹਿਲਾਂ ਉੱਥੇ ਰਹਿੰਦੇ ਵਿਅਕਤੀਆਂ ਦੇ ਨਾਂ ਹਨ, ਜੋ ਹੁਣ ਕਿਤੇ ਹੋਰ ਜਾ ਕੇ ਵੱਸ ਚੁੱਕੇ ਹਨ।
ਪਾਵਰਕੌਮ ਦੇ ਐਕਸੀਅਨ ਦੀਪਕ ਕੁਰਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੁਆਰਟਰਾਂ ਵਿੱਚ ਰਹਿੰਦੇ ਵਿਅਕਤੀਆਂ ਬਾਰੇ ਐੱਸਡੀਐੱਮ ਗਿੱਦੜਬਾਹਾ ਦੇ ਦਫ਼ਤਰ ਤੋਂ ਰਿਪੋਰਟ ਲਈ ਗਈ ਹੈ, ਜਿਸ ਅਨੁਸਾਰ ਕੁਆਰਟਰਾਂ ਵਿੱਚ ਜੋ ਵਿਅਕਤੀ ਰਹਿ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਦੇ ਨਾਂ ਬਿਜਲੀ ਮੀਟਰ ਨਹੀਂ ਹਨ। ਉਨ੍ਹਾਂ ਦੱਸਿਆ ਕਿ ਨਹਿਰੀ ਕਲੋਨੀ ਵਿੱਚ ਕੁੱਲ 40 ਕੁਆਰਟਰਾਂ ਵਿੱਚ ਪਾਵਰਕੌਮ ਨੇ ਨੋਟਿਸ ਭੇਜ ਕੇ ਪੁੱਛਿਆ ਸੀ ਕਿ ਉਹ ਕਿਸ ਸਬੰਧਤ ਵਿਭਾਗ ਦੀ ਪ੍ਰਵਾਨਗੀ ਨਾਲ ਇੱਥੇ ਰਹਿ ਰਹੇ ਹਨ ਪਰ ਕੇਵਲ ਤਿੰਨ ਵਿਅਕਤੀਆਂ ਨੇ ਹੀ ਕੁਆਰਟਰ ਅਲਾਟਮੈਂਟ ਸਬੰਧੀ ਜਵਾਬ ਦਿੱਤਾ ਹੈ। ਐਕਸੀਅਨ ਨੇ ਕਿਹਾ ਕਿ ਇਨ੍ਹਾਂ ਕੁਆਰਟਰਾਂ ਵਿੱਚ ਰਹਿੰਦੇ ਵਿਅਕਤੀ 4 ਜੁਲਾਈ ਤੱਕ ਦਫ਼ਤਰੀ ਸਮੇਂ ਦੌਰਾਨ ਪਾਵਰਕੌਮ ਦਫ਼ਤਰ ਵਿੱਚ ਆਪਣੇ ਕੁਆਰਟਰ ਅਲਾਟਮੈਂਟ ਸਬੰਧੀ ਦਸਤਾਵੇਜ਼ ਪੇਸ਼ ਕਰਨ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਐਕਸ਼ਨ ਲੈਂਦਿਆਂ ਸਬੰਧਤ ਵਿਅਕਤੀਆਂ ਦੇ ਬਿਜਲੀ ਮੀਟਰ ਤੁਰੰਤ ਕੱਟ ਦਿੱਤੇ ਜਾਣਗੇ।