ਖੇਤਰੀ ਪ੍ਰਤੀਨਿਧ
ਬਰਨਾਲਾ, 27 ਜੁਲਾਈ
ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਜ਼ਿਲ੍ਹਾ ਬਰਨਾਲਾ ਦੇ 9 ਪਿੰਡਾਂ ਨੂੰ ਚੁਣਿਆ ਹੈ, ਜਿਨ੍ਹਾਂ ਦੇ ਚਹੁੰਪੱਖੀ ਵਿਕਾਸ ਲਈ ਪਹਿਲੇ ਪੜਾਅ ਅਧੀਨ 85 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਫ਼ਸਰ ਬਰਨਾਲਾ ਕਮਲਜੀਤ ਰਾਜੂ ਨੇ 9 ਪਿੰਡਾਂ ਦੇ ਸਰਪੰਚਾਂ ਨੂੰ ਗਰਾਂਟ ਦੇ ਚੈੱਕ ਵੰਡਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਬਰਨਾਲਾ ਜ਼ਿਲ੍ਹੇ ਦੇ 9 ਪਿੰਡ ਚੁਣੇ ਗਏ ਹਨ, ਜਿਨ੍ਹਾਂ ਨੂੰ ਵਿਕਾਸ ਕਾਰਜਾਂ ਲਈ 20-20 ਲੱਖ ਦੀ ਗ੍ਰਾਂਟ ਜਾਰੀ ਕੀਤੀ ਜਾਣੀ ਹੈ। ਪਹਿਲੇ ਪੜਾਅ ਅਧੀਨ ਪਿੰਡ ਨਾਈਵਾਲਾ, ਪੰਡੋਰੀ, ਧਨੇਰ, ਅਮਲਾ ਸਿੰਘ ਵਾਲਾ, ਭੱਦਲਵੱਡ, ਕ੍ਰਿਪਾਲ ਸਿੰਘ ਵਾਲਾ, ਦਰਾਕਾ ਤੇ ਖੜਕ ਸਿੰਘ ਵਾਲਾ ਨੂੰ 10-10 ਲੱਖ ਅਤੇ ਪੱਤੀ ਸੋਹਲ ਨੂੰ 5 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮੁੱਖ ਮਕਸਦ ਪਿੰਡਾਂ ਦਾ ਚਹੁੰ ਪੱਖੀ ਵਿਕਾਸ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਧੀਨ ਉਨ੍ਹਾਂ ਪਿੰਡਾਂ ਨੂੰ ਗ੍ਰਾਂਟ ਜਾਰੀ ਕੀਤੀ ਗਈ ਹੈ, ਜਿਨ੍ਹਾਂ ਦੀ ਐੱਸਸੀ ਵਰਗ ਨਾਲ ਸਬੰਧਤ ਆਬਾਦੀ 50 ਫੀਸਦੀ ਤੋਂ ਵੱਧ ਹੈ।