ਜਸਵੰਤ ਜੱਸ
ਫ਼ਰੀਦਕੋਟ, 2 ਸਤੰਬਰ
ਇਥੇ ਪਿੰਡ ਪੱਖੀ ਕਲਾਂ ਵਿੱਚ ਪੰਚਾਂ ਨੇ ਅੱਜ ਸਰਬ-ਸੰਮਤੀ ਨਾਲ ਪ੍ਰਗਟ ਸਿੰਘ ਨੂੰ ਪਿੰਡ ਦਾ ਨਵਾਂ ਸਰਪੰਚ ਚੁਣ ਲਿਆ। ਪ੍ਰਗਟ ਸਿੰਘ ਆਮ ਆਦਮੀ ਪਾਰਟੀ ਵੱਲੋਂ ਮੈਂਬਰ ਪੰਚਾਇਤ ਵਜੋਂ ਚੋਣ ਜਿੱਤੇ ਸਨ।
ਸੂਚਨਾ ਅਨੁਸਾਰ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਕੁਝ ਸਮਾਂ ਪਹਿਲਾਂ ਪਿੰਡ ਦੇ ਕਾਂਗਰਸੀ ਸਰਪੰਚ ਕੁਲਵਿੰਦਰ ਸਿੰਘ ਨੂੰ ਕਥਿਤ ਤੌਰ ’ਤੇ ਮਨਰੇਗਾ ਫੰਡਾਂ ਅਤੇ ਬੁਢਾਪਾ ਪੈਨਸ਼ਨਾਂ ਵਿੱਚ ਘਪਲੇਬਾਜ਼ੀ ਦੇ ਇਲਜ਼ਾਮ ਲੱਗਣ ਤੋਂ ਬਾਅਦ ਅਹੁਦੇ ਤੋਂ ਅਹੁਦੇ ਤੋਂ ਬਰਖਾਸਤ ਦਿੱਤਾ ਸੀ ਅਤੇ ਇੱਕ ਮਹੀਨੇ ਤੋਂ ਪਿੰਡ ਦੇ ਸਰਪੰਚ ਦਾ ਅਹੁਦਾ ਖਾਲੀ ਪਿਆ ਸੀ ਅਤੇ ਸਰਪੰਚੀ ਹਾਸਲ ਕਰਨ ਲਈ ਅਕਾਲੀ ਤੇ ਕਾਂਗਰਸੀ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸਨ। ਪਿਛਲੇ ਹਫ਼ਤੇ ਹੀ ਅਕਾਲੀ ਦਲ ਨੇ ਇੱਥੇ ਆਪਣਾ ਪਾਰਟੀ ਦਾ ਸਰਪੰਚ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਉਹ ਸਫ਼ਲ ਨਹੀਂ ਹੋ ਸਕੇ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਿੰਡ ਪੱਖੀ ਕਲਾਂ ਵਿੱਚ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਗਟ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ ਹੈ।