ਹਰਦੀਪ ਸਿੰਘ ਜਟਾਣਾ
ਮਾਨਸਾ, 17 ਜੂਨ
ਮਾਨਸਾ ਖੁਰਦ ਦੀ ਪ੍ਰਵੀਨ ਜ਼ਿਲ੍ਹੇ ਦੀ ਪਹਿਲੀ ਮਹਿਲਾ ਰਿਕਸ਼ਾ ਚਾਲਕ ਹੈ। ਜਿੱਥੇ ਪ੍ਰਵੀਨ ਨੇ ਕਰੋਨਾ ਕਰਕੇ ਲੀਹ ਤੋਂ ਉੱਤਰੀ ਆਪਣੇ ਪਰਿਵਾਰ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਦਾ ਹਿੱਲਾ ਕੀਤਾ ਹੈ, ਉੱਥੇ ਹੀ ਉਸ ਨੇ ਔਰਤਾਂ ਨੂੰ ਭੈਅ ਮੁਕਤ ਸਫ਼ਰ ਵੀ ਮੁਹੱਈਆ ਕਰਵਾਇਆ ਹੈ। ਸਵੇਰੇ ਅੱਠ ਵਜੇ ਘਰ ਦੇ ਅੱਧੇ ਕੰਮ ਨਬਿੇੜ ਆਪਣਾ ਕੰਮ ਸ਼ੁਰੂ ਕਰਨ ਵਾਲੀ ਪ੍ਰਵੀਨ ਸ਼ਾਮ ਦੇ ਸੱਤ ਵਜੇ ਤੱਕ ਪੂਰੇ ਗਿਆਰ੍ਹਾਂ ਘੰਟੇ ਸਵਾਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪੁੱਜਦਾ ਕਰਦੀ ਹੈ। ਪ੍ਰਵੀਨ ਦੇ ਔਰਤ ਹੋਣ ਕਰ ਕੇ ਉਸ ਦੀਆਂ ਸਭ ਤੋਂ ਜ਼ਿਆਦਾ ਸਵਾਰੀਆਂ ਔਰਤਾਂ ਹੀ ਹੁੰਦੀਆਂ ਹਨ। ਉਂਝ ਨਾਂਹ ਪ੍ਰਵੀਨ ਕਿਸੇ ਮਰਦ ਸਵਾਰੀ ਨੂੰ ਵੀ ਨਹੀਂ ਕਰਦੀ। ਈ-ਰਿਕਸ਼ੇ ਦੀ ਸੀਟ ’ਤੇ ਬੈਠੀ ਪ੍ਰਵੀਨ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਉਹ ਕੱਪੜੇ ਸਿਲਾਈ ਕਰਕੇ ਆਪਣਾ ਪਰਿਵਾਰ ਪਾਲਦੀ ਸੀ ਪਰ ਲੌਕਡਾਉਨ ਕਰਕੇ ਸਿਲਾਈ ਦਾ ਕੰਮ ਬੰਦ ਹੋ ਗਿਆ। ਉਸਨੇ ਦੱਸਿਆ ਉਸਦਾ ਪਤੀ ਇੱਕ ਵਰਕਸ਼ਾਪ ’ਚ ਕੰਮ ਕਰਦਾ ਹੈ। ਉਨ੍ਹਾਂ ਦੀ ਮੱਦਦ ਲਈ ਅਤੇ ਆਪਣੇ ਦੋ ਨਿੱਕੇ ਬੱਚਿਆਂ ਦਾ ਵਧੀਆ ਤਰੀਕੇ ਪਾਲਣ ਪੋਸ਼ਣ ਕਰਨ ਲਈ ਹੀ ਉਸਨੇ ਰਿਕਸ਼ੇ ਦਾ ਹੈਂਡਲ ਫੜਿਆ। ਪ੍ਰਵੀਨ ਦੱਸਦੀ ਹੈ ਕਿ ਸ਼ਾਮ ਤੱਕ ਉਹ ਪੰਜ-ਛੇ ਸੌ ਰੁਪਏ ਦਿਹਾੜੀ ਕਮਾ ਲੈਂਦੀ ਹੈ। ਕੰਮ ਦੀਆਂ ਦਿੱਕਤਾਂ ਸਬੰਧੀ ਗੱਲ ਕਰਦਿਆਂ ਪ੍ਰਵੀਨ ਦੱਸਦੀ ਹੈ ਕਿ ਉਂਝ ਤਾਂ ਸਾਰੇ ਕੰਮ ਹੀ ਔਖੇ ਹੁੰਦੇ ਹਨ ਪਰ ਜਦੋਂ ਕੰਮ ਕਰਨ ਵਾਲਾ ਆਪਣੇ ਕਿੱਤੇ ਨੂੰ ਮਿਹਨਤ ਅਤੇ ਦਿਲਚਸਪੀ ਨਾਲ ਕਰੇ ਤਾਂ ਸਾਰੇ ਕੰਮ ਖੁਸ਼ੀ ਵੰਡਣ ਲੱਗ ਪੈਂਦੇ ਹਨ। ਉਸ ਨੇ ਦੱਸਿਆ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਕਰਕੇ ਉਸਨੂੰ ਪੁਲੀਸ ਨੇ ਵੀ ਕਦੇ ਪ੍ਰੇਸ਼ਾਨ ਨਹੀਂ ਕੀਤਾ। ਦੂਰ-ਦੁਰਾਡੇ ਦੇ ਸਫਰ ਬਾਰੇ ਗੱਲ ਕਰਦਿਆਂ ਪ੍ਰਵੀਨ ਨੇ ਦੱਸਿਆ ਉਹ ਸਵਾਰੀਆਂ ਲੈ ਦੂਰ ਦੁਰਾਡੇ ਦੇ ਮੇਲਿਆਂ ਤੱਕ ਵੀ ਜਾਂਦੀ ਹੈ ਪਰ ਕਦੇ ਡਰ ਨਹੀਂ ਲੱਗਿਆ। ਉਸਦਾ ਦਾ ਕਹਿਣਾ ਹੈ ਜੇਕਰ ਸਰਕਾਰ ਔੌਰਤਾਂ ਨੂੰ ਸਵੈ-ਰੁਜ਼ਗਾਰ ਤਹਿਤ ਉਤਸ਼ਾਹਿਤ ਕਰਕੇ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਏ ਤਾਂ ਉਹ ਆਤਮ ਨਿਰਭਰ ਹੋ ਸਕਦੀਆਂ ਹਨ।