ਪੱਤਰ ਪ੍ਰੇਰਕ
ਭੁੱਚੋ ਮੰਡੀ, 8 ਸਤੰਬਰ
ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਦੇ ਨੌਕਰੀਓਂ ਕੱਢੇ ਮੁਲਾਜ਼ਮਾਂ ਨੇ ਅੱਜ ਛੇਵੇਂ ਦਿਨ ਦੇ ਪੱਕੇ ਮੋਰਚੇ ਵਿੱਚ ਕੰਪਨੀ ਖ਼ਿਲਾਫ਼ ਸੰਘਰਸ਼ ਨੂੰ ਤਿੱਖਾ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਅਨੁਸਾਰ ਸੰਘਰਸ਼ ਦੀ ਮਜ਼ਬੂਤੀ ਲਈ 9 ਸਤੰਬਰ ਤੋਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਧਰਨਾਕਾਰੀਆਂ ਨੇ ਫਿਲਿੱਪ ਅਤੇ ਵਾਲਮਾਰਟ ਕੰਪਨੀ ਦੇ ਪ੍ਰਬੰਧਕਾਂ ਅਤੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬੈਸਟ ਪ੍ਰਾਈਸ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਝੰਡੂਕੇ ਨੇ ਕਿਹਾ ਕਿ ਕੰਪਨੀਆਂ ਜਾਣਬੁੱਝ ਕੇ ਮੁਲਾਜ਼ਮਾਂ ਦਾ ਮਸਲਾ ਹੱਲ ਨਹੀਂ ਕਰਨਾ ਚਾਹੁੰਦੀਆਂ। ਉਨ੍ਹਾਂ ਤਿੰਨ ਮੀਟਿੰਗਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਵਾਹ ਲਗਾਉਣ ਦੇ ਬਾਵਜੂਦ ਕੋਈ ਹੱਲ ਨਹੀਂ ਕੱਢਿਆ, ਉਹ ਆਪਣੀ ਹੀ ਜਿੱਦ ’ਤੇ ਅੜੇ ਰਹੇ। ਉਨ੍ਹਾਂ ਕੰਪਨੀਆਂ ਖ਼ਿਲਾਫ਼ ਜਲਦੀ ਵੱਡਾ ਹੱਲਾ ਬੋਲੇ ਜਾਣ ਦੀ ਚਿਤਾਵਨੀ ਦਿੱਤੀ ਹੈ। ਇਸ ਮੌਕੇ ਆਗੂ ਅਰਸ਼ਦੀਪ ਭੁੱਚੋ, ਭੁਪਿੰਦਰ ਸਿੰਘ, ਧਰਮਿੰਦਰ ਸਿੰਘ ਅਤੇ ਗੁਰਵਿੰਦਰ ਚੱਕ ਆਦਿ ਹਾਜ਼ਰ ਸਨ।